ਸੈਮੀਫਾਈਨਲ ਤੋਂ ਪਹਿਲਾਂ AUS ਲਈ ਬੁਰੀ ਖਬਰ, ਸੱਟ ਕਾਰਨ ਦੋ ਧਾਕੜ ਖਿਡਾਰੀ ਬਾਹਰ
Monday, Jul 08, 2019 - 10:10 AM (IST)

ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 'ਚ ਇੰਗਲੈਂਡ ਖਿਲਾਫ 11 ਜੁਲਾਈ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆਈ ਕ੍ਰਿਕਟ ਟੀਮ ਲਈ ਬੁਰੀ ਖਬਰ ਹੈ। ਸ਼ਨੀਵਾਰ ਨੂੰ ਓਲਡ ਟ੍ਰੈਫਰਡ 'ਚ ਦੱਖਣੀ ਅਫਰੀਕਾ ਖਿਲਾਫ ਆਸਟਰੇਲੀਆ ਦੀ 10 ਦੌੜਾਂ ਦੀ ਹਾਰ ਦੇ ਦੌਰਾਨ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਉਸਮਾਨ ਖਵਾਜਾ ਦੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ 'ਚ ਸੱਟ ਲਗ ਗਈ ਸੀ। ਇਸ ਤੋਂ ਇਲਾਵਾ ਸਟੋਈਨਿਸ ਦੀਆਂ ਮਾਸਪੇਸ਼ੀਆਂ 'ਚ ਵੀ ਖਿਚਾਅ ਹੈ ਅਤੇ ਇਸ ਕਾਰਨ ਉਹ ਪਹਿਲਾਂ ਹੀ ਦੋ ਲੀਗ ਮੈਚਾਂ ਤੋਂ ਬਾਹਰ ਹੋ ਚੁੱਕੇ ਹਨ।
ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਵੀਰਵਾਰ ਨੂੰ ਐਜਬੈਸਟਨ 'ਚ ਸੈਮੀਫਾਈਨਲ 'ਚ ਮੇਜ਼ਬਾਨ ਇੰਗਲੈਂਡ ਨਾਲ ਭਿੜਨਾ ਹੈ ਅਤੇ ਅਜਿਹੇ 'ਚ ਮੈਥਿਊ ਵੇਡ ਅਤੇ ਮਿਸ਼ੇਲ ਮਾਰਸ਼ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਮਾਰਸ਼ ਨੂੰ ਦੂਜੀ ਵਾਰ ਸਟੋਈਨਿਸ ਦੇ ਕਵਰ ਦੇ ਤੌਰ 'ਤੇ ਟੀਮ ਨਾਲ ਜੋੜਿਆ ਗਿਆ ਹੈ। ਸਟੋਈਨਿਸ ਪਾਕਿਸਤਾਨ ਅਤੇ ਸ਼੍ਰੀਲੰਕਾ ਖਿਲਾਫ ਆਸਟਰੇਲੀਆ ਦੀ ਜਿੱਤ ਦੇ ਦੌਰਾਨ ਨਹੀਂ ਖੇਡ ਸਕੇ ਸਨ ਅਤੇ ਫਿਰ ਬੰਗਲਾਦੇਸ਼ ਖਿਲਾਫ ਮੁਕਾਬਲੇ ਲਈ ਉਨ੍ਹਾਂ ਨੇ ਟੀਮ 'ਚ ਵਾਪਸੀ ਕੀਤੀ ਸੀ।