ਸਿਰ ਦੀ ਸੱਟ ਲਈ ਮੈਚ ਦੌਰਾਨ ‘ਹਾਰਡ ਟੇਪ’ ਦੀ ਵਰਤੋਂ ਨਾਲ ਮੇਰਾ ਧਿਆਨ ਭਟਕਿਆ: ਬਜਰੰਗ ਪੂਨੀਆ
Friday, Sep 23, 2022 - 02:03 PM (IST)

ਨਵੀਂ ਦਿੱਲੀ (ਭਾਸ਼ਾ)- ਓਲੰਪਿਕ ਤਮਗਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਅਮਰੀਕਾ ਦੇ ਜੌਹਨ ਮਾਈਕਲ ਦਿਆਕੋਮਿਹਾਲਿਸ ਖਿਲਾਫ ਮੈਚ ਦੌਰਾਨ ਸਿਰ ’ਚ ਲੱਗੀ ਸੱਟ ਲਈ ਡਾਕਟਰਾਂ ਵੱਲੋਂ ‘ਹਾਰਡ ਟੇਪ’ ਦੀ ਵਰਤੋਂ ਕਰਨ ਤੋਂ ਨਾਰਾਜ਼ ਹੈ। ਬਜਰੰਗ ਨੇ ਕਿਹਾ ਕਿ ਇਸ ਟੇਪ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਆਪਣੇ ਮੁਕਾਬਲੇ ’ਤੇ ਧਿਆਨ ਕੇਂਦਰਿਤ ਕਰਨ ’ਚ ਪ੍ਰੇਸ਼ਾਨੀ ਆਈ।
ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੇ ਬਜਰੰਗ ਦੇ ਬੇਲਗ੍ਰੇਡ ’ਚ ਆਪਣੇ ਸ਼ੁਰੂਆਤੀ ਮੈਚ ਦੇ ਪਹਿਲੇ ਹੀ ਮਿੰਟ ’ਚ ਕਿਊਬਾ ਦੇ ਅਲੇਜੈਂਡਰੋ ਐਨਰਿਕ ਵਲੇਡੇਸ ਟੋਬੀਅਰ ਖ਼ਿਲਾਫ਼ ਸਿਰ ’ਚ ਸੱਟ ਲੱਗਣ ਕਾਰਨ ਖੂਨ ਵਹਿਣ ਲੱਗਾ ਸੀ। ਉੱਥੇ ਮੌਜੂਦ ਡਾਕਟਰਾਂ ਨੇ ਉਸ ਦੀ ਸੱਟ ’ਤੇ ‘ਹਾਰਡ ਟੇਪ’ ਲਾ ਦਿੱਤੀ ਸੀ, ਜਿਸ ਦਾ ਇਸਤੇਮਾਲ ਅਸਲ ’ਚ ਗੋਡੇ ਤੇ ਗਿੱਟੇ ਨੂੰ ਸਥਿਰ ਕਰਨ ਲਈ ਕੀਤਾ ਜਾਂਦਾ ਹੈ। ਆਮ ਤੌਰ ’ਤੇ ਟੈਨਿਸ ਤੇ ਬਾਸਕਟਬਾਲ ਖਿਡਾਰੀ ਅਜਿਹੀਆਂ ਟੇਪਾਂ ਦੀ ਵਰਤੋਂ ਕਰਦੇ ਹਨ। ਬਜਰੰਗ ਨੇ ਕਿਹਾ, ‘‘ਰੱਬ ਜਾਣੇ ਉਸ ਨੇ ਅਜਿਹਾ ਕਿਉਂ ਕੀਤਾ? ਮੈਨੂੰ ਇਸ ਨਾਲ ਬਹੁਤ ਪ੍ਰੇਸ਼ਾਨੀ ਹੋਈ, ਕਿਉਂਕਿ ਮੇਰੇ ਸਿਰ ਦੇ ਵਾਲ ਟੇਪ ’ਚ ਫਸ ਗਏ ਸਨ। ਉਨ੍ਹਾਂ ਰੂੰ ਦੀ ਵਰਤੋਂ ਕੀਤੇ ਬਿਨਾਂ ਟੇਪ ਚਿਪਕਾਈ ਸੀ। ਟੇਪ ਨੂੰ ਹਟਾਉਣ ਲਈ ਮੈਨੂੰ ਇਕ ਜਗ੍ਹਾ ਤੋਂ ਆਪਣੇ ਵਾਲ ਕੱਟਣੇ ਪਏ। ਇਸ ਨੂੰ ਹਟਾਉਣ ਲਈ 20 ਮਿੰਟ ਤੋਂ ਵੱਧ ਦਾ ਸਮਾਂ ਲੱਗਾ।’’