ਟੀ-20 ਵਰਲਡ ਕੱਪ ਲਈ ਅਮਰੀਕਾ ਟੀਮ ਦਾ ਐਲਾਨ, ''ਗੁਜਰਾਤੀ'' ਪਲੇਅਰ ਬਣਿਆ ਕਪਤਾਨ
Friday, Jan 30, 2026 - 07:20 PM (IST)
ਸਪੋਰਟਸ ਡੈਸਕ- 7 ਫਰਵਰੀ 2026 ਤੋਂ ਸ਼ੁਰੂ ਹੋਣ ਵਾਲੇ ICC ਟੀ-20 ਵਰਲਡ ਕੱਪ ਲਈ ਸੰਯੁਕਤ ਰਾਜ ਅਮਰੀਕਾ (USA) ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਟੀਮ ਦੀ ਕਮਾਨ ਗੁਜਰਾਤ ਵਿੱਚ ਪੈਦਾ ਹੋਏ ਭਾਰਤੀ ਮੂਲ ਦੇ ਤਜ਼ਰਬੇਕਾਰ ਵਿਕਟਕੀਪਰ-ਬੱਲੇਬਾਜ਼ ਮੋਨਾਂਕ ਪਟੇਲ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ 32 ਸਾਲਾ ਮੋਨਾਂਕ ਨੇ 2024 ਦੇ ਟੀ-20 ਵਰਲਡ ਕੱਪ ਵਿੱਚ ਵੀ ਅਮਰੀਕੀ ਟੀਮ ਦੀ ਅਗਵਾਈ ਕੀਤੀ ਸੀ।
ਟੀਮ ਚੋਣ ਵਿੱਚ ਸਭ ਤੋਂ ਵੱਡਾ ਧਮਾਕਾ ਸਟਾਰ ਖਿਡਾਰੀ ਆਰੋਨ ਜੋਂਸ ਦਾ ਬਾਹਰ ਹੋਣਾ ਹੈ। ਸਰੋਤਾਂ ਅਨੁਸਾਰ, ICC ਨੇ ਜੋਂਸ ਨੂੰ ਕਥਿਤ ਮੈਚ ਫਿਕਸਿੰਗ ਦੇ ਦੋਸ਼ਾਂ ਹੇਠ ਸਸਪੈਂਡ ਕਰ ਦਿੱਤਾ ਹੈ। ਇਹ ਮਾਮਲਾ 2023-24 ਦੇ ਸੀਜ਼ਨ ਦੌਰਾਨ ਬਾਰਬਾਡੋਸ ਵਿੱਚ ਖੇਡੀ ਗਈ BIM10 ਲੀਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਭਾਰਤੀ ਮੂਲ ਦੇ ਖਿਡਾਰੀਆਂ ਦਾ ਦਬਦਬਾ
ਅਮਰੀਕੀ ਟੀਮ ਵਿੱਚ ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਮੂਲ ਦੇ ਕਈ ਖਿਡਾਰੀ ਸ਼ਾਮਲ ਹਨ। ਟੀਮ ਵਿੱਚ ਉਹ 10 ਖਿਡਾਰੀ ਸ਼ਾਮਲ ਕੀਤੇ ਗਏ ਹਨ ਜੋ 2024 ਦੇ ਵਰਲਡ ਕੱਪ ਦਾ ਹਿੱਸਾ ਸਨ, ਜਿੱਥੇ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਇਤਿਹਾਸ ਰਚਿਆ ਸੀ ਅਤੇ ਸੁਪਰ-8 ਤੱਕ ਪਹੁੰਚ ਕੀਤੀ ਸੀ। ਸਕੁਐਡ ਵਿੱਚ ਸੌਰਭ ਨੇਤਰਵਲਕਰ, ਹਰਮੀਤ ਸਿੰਘ, ਮਿਲਿੰਦ ਕੁਮਾਰ ਅਤੇ ਅਲੀ ਖਾਨ ਵਰਗੇ ਅਨੁਭਵੀ ਚਿਹਰੇ ਸ਼ਾਮਲ ਹਨ। ਸ਼ੁਭਮ ਰੰਜਨੇ, ਮੁਹੰਮਦ ਮੋਹਸਿਨ ਅਤੇ ਸ਼ਿਹਾਨ ਜੈਸੂਰੀਆ ਵਰਗੇ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਅਮਰੀਕਾ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਭਾਰਤ, ਪਾਕਿਸਤਾਨ, ਨੀਦਰਲੈਂਡ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਨਾਲ ਹੋਵੇਗਾ। ਅਮਰੀਕਾ ਆਪਣੇ ਅਭਿਆਨ ਦੀ ਸ਼ੁਰੂਆਤ 7 ਫਰਵਰੀ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਵਿਰੁੱਧ ਕਰੇਗਾ।
ਹਾਲਾਂਕਿ ICC ਨੇ 23 ਸਤੰਬਰ ਨੂੰ ਪ੍ਰਸ਼ਾਸਨਿਕ ਅਤੇ ਵਿੱਤੀ ਬੇਨਿਯਮੀਆਂ ਕਾਰਨ 'USA ਕ੍ਰਿਕਟ' ਨੂੰ ਸਸਪੈਂਡ ਕਰ ਦਿੱਤਾ ਸੀ ਪਰ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਖਿਡਾਰੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਟੀਮ ਦੀ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ICC ਅਤੇ US Olympic & Paralympic Committee (USOPC) ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਅਮਰੀਕਾ ਦਾ ਸਕੁਐਡ: ਮੋਨਾਂਕ ਪਟੇਲ (ਕਪਤਾਨ), ਜੇਸੀ ਸਿੰਘ (ਉਪ-ਕਪਤਾਨ), ਐਂਡਰੀਜ ਗੌਸ, ਸ਼ੇਹਾਨ ਜੈਸੂਰੀਆ, ਮਿਲਿੰਦ ਕੁਮਾਰ, ਸ਼ਯਾਨ ਜਹਾਂਗੀਰ, ਸਾਏਤੇਜਾ ਮੁੱਕਾਮਾਲਾ, ਸੰਜੇ ਕ੍ਰਿਸ਼ਨਮੂਰਤੀ, ਹਰਮੀਤ ਸਿੰਘ, ਨੋਸਤੁਸ਼ ਕੇਨਜੀਗੇ, ਸ਼ੈਡਲੀ ਵੈਨ ਸ਼ਾਲਕਵਿਕ, ਸੌਰਭ ਨੇਤਰਵਲਕਰ, ਅਲੀ ਖਾਨ, ਮੁਹੰਮਦ ਮੋਹਸਿਨ ਅਤੇ ਸ਼ੁਭਮ ਰੰਜਨੇ।
