US ਓਪਨ ’ਚ 100ਵੀਂ ਜਿੱਤ ਨਾਲ ਸੇਰੇਨਾ ਕੁਆਰਟਰ ਫਾਈਨਲ ’ਚ ਪੁੱਜੀ

Tuesday, Sep 08, 2020 - 11:02 AM (IST)

US ਓਪਨ ’ਚ 100ਵੀਂ ਜਿੱਤ ਨਾਲ ਸੇਰੇਨਾ ਕੁਆਰਟਰ ਫਾਈਨਲ ’ਚ ਪੁੱਜੀ

ਨਿਊਯਾਰਕ : ਅਮਰੀਕਾ ਦੀ ਲੀਜੈਂਡ ਖਿਡਾਰੀ ਅਤੇ 23 ਵਾਰ ਦੀ ਗਰੈਂਡ ਸਲੇਮ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਯੂਨਾਨ ਦੀ ਮਾਰੀਆ ਸਕਾਰੀ ਦੀ ਸਖ਼ਤ ਚੁਣੌਤੀ ’ਤੇ ਸੋਮਵਾਰ ਨੂੰ ਤਿੰਨ ਸੈਟਾਂ ਵਿਚ ਕਾਬੂ ਪਾਉਂਦੇ ਹੋਏ ਸਾਲ ਦੇ ਆਖ਼ਰੀ ਗਰੈਂਡ ਸਲੇਮ ਯੂ.ਐੱਸ. ਓਪਨ ਵਿਚ ਆਪਣੀ 100ਵੀਂ ਜਿੱਤ ਨਾਲ ਬੀਬੀ ਵਰਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਤੀਜਾ ਦਰਜਾ ਪ੍ਰਾਪਤ ਸੇਰੇਨਾ ਨੇ 15ਵੀਂ ਸੀਡ ਮਾਰੀਆ ਨੂੰ 2 ਘੰਟੇ 28 ਮਿੰਟ ਤੱਕ ਚਲੇ ਮੁਕਾਬਲੇ ਵਿਚ 6-3, 6-7, 6-3 ਨਾਲ ਹਰਾ ਕੇ 58ਵੀਂ ਵਾਰ ਗਰੈਂਡ ਸਲੇਮ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਸੇਰੇਨਾ ਨੇ ਪਹਿਲਾ ਸੈਟ ਜਿੱਤਣ ਦੇ ਬਾਅਦ ਦੂਜੇ ਸੈਟ ਦਾ ਟਾਈ ਬ੍ਰੇਕ 6-8 ਨਾਲ ਗਵਾਇਆ ਪਰ ਨਿਰਣਾਇਕ ਸੈਟ ਵਿਚ ਉਨ੍ਹਾਂ ਨੇ ਵਾਪਸੀ ਕਰਦੇ ਹੋਏ 8ਵੇਂ ਗੇਮ ਵਿਚ ਮਹੱਤਵਪੂਰਣ ਬ੍ਰੇਕ ਹਾਸਲ ਕੀਤਾ ਅਤੇ ਇਸ ਸੈਟ ਨੂੰ 6-3 ਨਾਲ ਨਿਪਟਾ ਕੇ ਅੰਤਿਮ 8 ਵਿਚ ਸਥਾਨ ਬਣਾ ਲਿਆ।

ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰੀ ਅਤੇ ਯੂ.ਐੱਸ. ਓਪਨ ਵਿਚ 6 ਵਾਰ ਦੀ ਚੈਂਪੀਅਨ ਸੇਰੇਨਾ ਨੇ 22ਵੀਂ ਰੈਂਕਿੰਗ ਦੀ ਮਾਰੀਆ ਖ਼ਿਲਾਫ ਜੇਤੂ ਅੰਕ ਹਾਸਲ ਕਰਦੇ ਹੀ ਜਿੱਤ ਦੀ ਹੁੰਕਾਰ ਲਗਾਈ। ਸੇਰੇਨਾ ਨੇ ਮੈਚ ਵਿਚ 30 ਵਿਨਰਸ ਲਗਾਏ ਅਤੇ 3 ਵਾਰ ਵਿਰੋਧੀ ਖਿਡਾਰੀ ਦੀ ਸਰਵਿਸ ਤੋੜੀ, ਜਦੋਂ ਕਿ ਮਾਰੀਆ ਨੇ 35 ਵਿਨਰਸ ਤਾਂ ਲਗਾਏ ਪਰ ਉਹ ਇਕ ਵਾਰ ਹੀ ਸਰਵਿਸ ਬ੍ਰੇਕ ਹਾਸਲ ਕਰ ਸਕੀ । ਸੇਰੇਨਾ ਨੇ ਇਸ ਜਿੱਤ ਨਾਲ ਮਾਰੀਆ ਤੋਂ ਯੂ.ਐੱਸ. ਓਪਨ ਦੇ ਅਭਿਆਸ ਟੂਰਨਾਮੈਂਟ ਵੈਸਟਰਨ ਐਂਡ ਸਦਰਨ ਓਪਨ ਵਿਚ ਮਿਲੀ ਹਾਰ ਦਾ ਬਦਲਾ ਚੁੱਕਾ ਲਿਆ।


author

cherry

Content Editor

Related News