ਅਮਰੀਕੀ ਅਦਾਲਤ ''ਚ ਰੋਨਾਲਡੋ ਦੇ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਰੱਦ
Sunday, Jun 12, 2022 - 07:11 PM (IST)
ਵਾਸ਼ਿੰਗਟਨ- ਅਮਰੀਕਾ ਦੀ ਇਕ ਅਦਾਲਤ ਨੇ ਪੁਰਤਗਾਲ ਤੇ ਮੈਨਚੈਸਟਰ ਯੂਨਾਈਟਿਡ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ ਦੇ ਮੁਕੱਦਮੇ ਨੂੰ ਖ਼ਾਰਜ ਕਰ ਦਿੱਤਾ ਹੈ। ਸੀ. ਐੱਨ. ਐੱਨ. ਦੇ ਮੁਤਾਬਕ, ਇਹ ਮੁਕੱਦਮਾ ਇਸ ਆਧਾਰ 'ਤੇ ਖ਼ਾਰਜ ਕਰ ਦਿੱਤਾ ਗਿਆ ਹੈ ਕਿ ਦੋਸ਼ ਲਗਾਉਣ ਵਾਲੀ ਕੈਥਰੀਨ ਮੇਓਰਗਾ ਦੁਬਾਰਾ ਮੁਕੱਦਮਾ ਦਰਜ ਨਹੀਂ ਕਰਾ ਸਕਦੀ।
ਰੋਨਾਲਡੋ 'ਤੇ 2009 'ਚ ਲਾਸ ਵੇਗਾਸ ਦੇ ਇਕ ਹੋਟਲ ਦੇ ਕਮਰੇ 'ਚ ਇਕ ਮਹਿਲਾ ਦੇ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਸੀ ਤੇ ਉਸ ਦੇ ਖ਼ਿਲਾਫ਼ 2.5 ਕਰੋੜ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ। ਬੀ. ਬੀ. ਸੀ. ਦੀ ਰਿਪੋਰਟ ਦੇ ਮੁਤਾਬਕ ਮੇਓਰਗਾ ਨੇ ਰੋਨਾਲਡੋ ਦੇ ਨਾਲ 2010 'ਚ ਕਥਿਤ ਤੌਰ 'ਤੇ ਅਦਾਲਤ ਦੇ ਬਾਹਰ 3,75,000 ਡਾਲਰ ਦਾ ਸਮਝੌਤਾ ਕੀਤਾ ਸੀ ਪਰ ਹੁਣ ਉਹ ਹੋਰ ਰਕਮ ਦੀ ਮੰਗ ਕਰ ਰਹੀ ਸੀ।
ਸੰਘੀ ਜੱਜ ਜੇਨੀਫਰ ਡੋਰਸੀ ਨੇ ਫ਼ੈਸਲਾ ਸੁਣਾਇਆ ਕਿ ਮੇਓਰਗਾ ਵਲੋਂ ਦਾਇਰ ਕੀਤਾ ਗਿਆ ਮੁਕੱਦਮਾ ਉਸ ਦੇ ਵਕੀਲ ਵਲੋਂ ਪ੍ਰਾਪਤ ਗੁਪਤ ਦਸਤਾਵੇਜ਼ਾਂ 'ਤੇ ਅਧਾਰਤ ਸੀ, ਜਿਸ ਨੇ ਉਸ ਦੇ ਮਾਮਲੇ ਨੂੰ ਦਾਗ਼ੀ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਇਸ ਫ਼ੈਸਲੇ 'ਚ ਕਿਹਾ, 'ਇਸ ਮਾਮਲੇ 'ਚ ਸ਼ੁਰੂਆਤ 'ਚ ਮੌਜੂਦ ਕਲੰਕ ਨੂੰ ਦੂਰ ਕਰਨ ਲਈ ਤੇ ਮੁਕੱਦਮੇਬਾਜ਼ੀ ਦੀ ਅਖੰਡਤਾ ਨੂੰ ਬਚਾਏ ਰੱਖਣ ਲਈ ਉਪਰੋਕਤ ਆਧਾਰ ਦੇ ਨਾਲ ਬਰਖਾਸਤਗੀ ਕਰਨ ਦੇ ਇਲਾਵਾ ਕੋਈ ਹੋਰ ਬਦਲ ਨਹੀਂ ਹੈ।'