ਉਰਵਿਲ ਪਟੇਲ ਨੇ ਰਿਸ਼ਭ ਪੰਤ ਦਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਭਾਰਤੀ ਰਿਕਾਰਡ ਤੋੜਿਆ
Wednesday, Nov 27, 2024 - 04:34 PM (IST)
ਇੰਦੌਰ- ਗੁਜਰਾਤ ਦੇ ਵਿਕਟਕੀਪਰ ਬੱਲੇਬਾਜ਼ ਉਰਵਿਲ ਪਟੇਲ ਨੇ ਬੁੱਧਵਾਰ ਨੂੰ ਇੱਥੇ ਤ੍ਰਿਪੁਰਾ ਖਿਲਾਫ ਸਈਅਦ ਮੁਸ਼ਤਾਕ ਅਲੀ ਟਰਾਫੀ ਮੈਚ ਵਿਚ ਸਿਰਫ 28 ਗੇਂਦਾਂ ਵਿਚ ਸੈਂਕੜਾ ਲਗਾ ਕੇ ਟੀ-20 ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਨਵਾਂ ਭਾਰਤੀ ਰਿਕਾਰਡ ਬਣਾਇਆ। ਠੀਕ ਇੱਕ ਸਾਲ ਪਹਿਲਾਂ, ਉਰਵਿਲ ਨੇ ਲਿਸਟ ਏ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਆਪਣਾ ਨਾਮ ਦਰਜ ਕਰਵਾਇਆ ਸੀ। ਟੀ-20 ਕ੍ਰਿਕਟ 'ਚ 26 ਸਾਲਾ ਉਰਵਿਲ ਨੇ ਰਿਸ਼ਭ ਪੰਤ ਦਾ ਭਾਰਤੀ ਰਿਕਾਰਡ ਤੋੜ ਦਿੱਤਾ, ਜਿਸ ਨੇ 2018 'ਚ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਹਿਮਾਚਲ ਪ੍ਰਦੇਸ਼ ਖਿਲਾਫ 32 ਗੇਂਦਾਂ 'ਚ ਸੈਂਕੜਾ ਲਗਾਇਆ ਸੀ। ਇਸ ਤਰ੍ਹਾਂ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਖਿਡਾਰੀਆਂ 'ਚ ਉਰਵਿਲ ਦੂਜੇ ਨੰਬਰ 'ਤੇ ਬਣ ਗਏ ਹਨ।
ਵਿਸ਼ਵ ਰਿਕਾਰਡ ਐਸਟੋਨੀਆ ਦੇ ਸਾਹਿਲ ਚੌਹਾਨ ਦੇ ਨਾਂ ਹੈ ਜਿਸ ਨੇ ਸਾਈਪ੍ਰਸ ਦੇ ਖਿਲਾਫ 27 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਆਏ ਉਰਵਿਲ ਨੇ 35 ਗੇਂਦਾਂ 'ਤੇ ਨਾਬਾਦ 113 ਦੌੜਾਂ ਬਣਾਈਆਂ, ਜਿਸ 'ਚ 7 ਚੌਕੇ ਅਤੇ 12 ਛੱਕੇ ਸ਼ਾਮਲ ਸਨ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਜਰਾਤ ਨੇ 156 ਦੌੜਾਂ ਦਾ ਟੀਚਾ ਸਿਰਫ਼ 10.2 ਓਵਰਾਂ ਵਿੱਚ ਹਾਸਲ ਕਰ ਲਿਆ।
ਇਸ ਹਮਲਾਵਰ ਬੱਲੇਬਾਜ਼ ਨੂੰ ਹਾਲ ਹੀ ਵਿੱਚ ਹੋਈ ਇੰਡੀਅਨ ਪ੍ਰੀਮੀਅਰ ਲੀਗ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਉਰਵਿਲ ਨੇ ਇੱਕ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਅਰੁਣਾਚਲ ਪ੍ਰਦੇਸ਼ ਖ਼ਿਲਾਫ਼ ਵਿਜੇ ਹਜ਼ਾਰੇ ਟਰਾਫੀ ਮੈਚ ਵਿੱਚ 41 ਗੇਂਦਾਂ ਵਿੱਚ 100 ਦੌੜਾਂ ਬਣਾਈਆਂ ਸਨ, ਜੋ ਕਿ ਲਿਸਟ ਏ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ।