IPL 'ਚ ਨਹੀਂ ਲੱਗੀ ਬੋਲੀ, ਖੁੱਲ੍ਹਿਆ ਕਿਸਮਤ ਦਾ ਤਾਲਾ, ਵੱਡਾ ਟੂਰਨਾਮੈਂਟ ਖੇਡਣ ਦਾ ਮਿਲਿਆ ਮੌਕਾ
Tuesday, Mar 27, 2018 - 05:01 PM (IST)

ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ ਦਾ ਰੋਮਾਂਚ ਇਕ ਵਾਰ ਫਿਰ ਲੋਕਾਂ ਨੂੰ ਛੇਤੀ ਦੇਖਣ ਨੂੰ ਮਿਲੇਗਾ, ਫਟਾਫਟ ਫਾਰਮੇਟ ਵਾਲੇ ਟੀ20 ਟੂਰਨਾਮੈਂਟ ਦੀ ਸ਼ੁਰੂਆਤ 7 ਅਪ੍ਰੈਲ ਤੋਂ ਮੁੰਬਈ ਤੋਂ ਹੋਵੇਗੀ। ਉਥੇ ਹੀ ਕੁਝ ਖਿਡਾਰੀਆਂ ਦੀ ਕਿਸਮਤ ਦਾ ਤਾਲਾ ਬੰਦ ਹੀ ਰਿਹਾ ਅਤੇ ਉਨ੍ਹਾਂ ਨੂੰ ਕੋਈ ਵੀ ਖਰੀਦਦਾਰ ਨਹੀਂ ਮਿਲਿਆ। ਇਨ੍ਹਾਂ ਵਿਚੋਂ ਇਕ ਹਨ ਝਾਰਖੰਡ ਦੇ ਕਪਤਾਨ ਅਤੇ ਭਾਰਤ ਲਈ ਖੇਡ ਚੁੱਕੇ ਤੇਜ਼ ਗੇਂਦਬਾਜ਼ ਵਰੁਣ ਆਰੋਨ, ਜੋ ਇਸ ਵਾਰ ਨਿਲਾਮੀ ਵਿਚ ਖਾਲੀ ਹੱਥ ਪਰਤੇ।
ਇਸ ਲੀਗ 'ਚ ਖੇਡਣਗੇ ਵਰੁਣ
ਲੰਬੇ ਸਮੇਂ ਤੱਕ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਵਰੁਣ ਆਰੋਨ ਨੂੰ ਹਾਲ ਹੀ ਵਿਚ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਝਾਰਖੰਡ ਦੀ ਅਗਵਾਈ ਕਰਦੇ ਵੇਖਿਆ ਗਿਆ ਸੀ। ਟੀਮ ਇੰਡੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚ ਸ਼ੁਮਾਰ ਆਰੋਨ ਨੇ ਆਖਰੀ ਵਾਰ ਇੰਗਲੈਂਡ ਦੌਰੇ ਉੱਤੇ ਖੇਡਿਆ ਸੀ ਜਿੱਥੇ ਉਹ ਸਪੀਡ ਦੇ ਚਲਦੇ ਲਾਈਨ-ਲੈਂਥ ਬਰਕਰਾਰ ਰੱਖਣ ਵਿਚ ਸਫਲ ਨਹੀਂ ਰਹੇ ਅਤੇ ਕਾਫ਼ੀ ਦੌੜਾਂ ਲੁਟਾਈਆਂ ਸਨ। ਹਾਲਾਂਕਿ ਵਰੁਣ ਦੀ ਤੇਜ਼ ਤਰਾਰ ਗੇਂਦਾਂ ਤੋਂ ਇੰਗਲੈਂਡ ਕ੍ਰਿਕਟ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਇਸਦਾ ਇਨਾਮ ਉਨ੍ਹਾਂ ਨੂੰ ਇੰਗਲਿਸ਼ ਕਾਉਂਟੀ ਕ੍ਰਿਕਟ ਟੀਮ ਵਿਚ ਚੁਣੇ ਜਾਣ ਦੇ ਰੂਪ ਵਿਚ ਮਿਲਿਆ ਹੈ।
ਲੀਸੇਸਟਰ ਟੀਮ ਵਲੋਂ ਖੇਡਣਗੇ ਕਾਊਂਟੀ
ਆਈ.ਪੀ.ਐੱਲ. ਵਿਚ ਭਾਵੇਂ ਹੀ ਆਰੋਨ ਦੀ ਕਿਸਮਤ ਨੇ ਸਾਥ ਨਾ ਦਿੱਤਾ ਹੋਵੇ ਪਰ ਹੁਣ ਉਹ ਇੰਗਲੈਂਡ ਦੀ ਘਰੇਲੂ ਕਾਊਂਟੀ ਚੈਂਪੀਅਨਸ਼ਿਪ ਦੀ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਲੀਸੇਸਟਰ ਲਈ ਖੇਡਦੇ ਨਜ਼ਰ ਆਉਣਗੇ। ਡਰਹਮ ਲਈ ਪਹਿਲਾਂ ਵੀ ਕਾਊਂਟੀ ਕ੍ਰਿਕਟ ਖੇਡ ਚੁੱਕੇ ਆਰੋਨ ਦੇ ਬਾਰੇ ਵਿਚ ਲੀਸੇਸਟਰ ਦੇ ਮੁੱਖ ਕੋਚ ਪਾਲ ਨਿਕਸਨ ਨੇ ਕਿਹਾ, ''ਆਰੋਨ ਸ਼ਾਨਦਾਰ ਖਿਡਾਰੀ ਹੈ ਅਤੇ ਉਸਦਾ ਕੌਸ਼ਲ ਇੰਗਲੈਂਡ ਦੇ ਹਾਲਾਤ ਵਿਚ ਸ਼ੁਰੂਆਤੀ ਸੈਸ਼ਨ ਲਈ ਉਪਯੁਕਤ ਹੈ। ਸਾਨੂੰ ਕਾਊਂਟੀ ਚੈਂਪੀਅਨਸ਼ਿਪ ਅਤੇ ਰਾਇਲ ਲੰਡਨ ਇਕ ਦਿਨਾਂ ਕੱਪ ਲਈ ਉਨ੍ਹਾਂ ਦੀਆਂ ਸੇਵਾਵਾਂ ਮਿਲਣ ਦੀ ਖੁਸ਼ੀ ਹੈ।''
ਵਰੁਣ ਸ਼ਾਨਦਾਰ ਗੇਂਦਬਾਜ਼
ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ''ਵਰੁਣ ਇਕ ਬਹੁਤ ਹੀ ਸ਼ਾਨਦਾਰ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਨੇ ਭਾਰਤ ਲਈ ਕਈ ਮੈਚ ਖੇਡੇ ਹਨ ਅਤੇ ਘਰੇਲੂ ਕ੍ਰਿਕਟ ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਵਰੁਣ ਸਾਡੇ ਲਈ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿਚ ਫਿਰ ਤੋਂ ਵਾਪਸੀ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਅਸੀ ਚਾਹੁੰਦੇ ਹਾਂ ਕਿ ਉਹ ਛੇਤੀ ਹੀ ਸਾਡੇ ਨਾਲ ਜੁੜਨ।''