ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’

Monday, Apr 12, 2021 - 09:52 PM (IST)

ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’

ਲਾਸ ਏਂਜਲਸ : ਡਬਲਯੂ.ਡਬਲਯੂ.ਈ ਵਿਚ ਆਪਣੀ ਰੈਸਲਿੰਗ ਨਾਲ ਕਈ ਵੱਡੇ ਮੁਕਾਮ ਹਾਸਲ ਕਰਨ ਵਾਲੇ ਦਿ ਰੌਕ ਹੁਣ ਇਕ ਪ੍ਰਸਿੱਧ ਨਾਮ ਹੈ। ਰੈਸਲਿੰਗ ਦੀ ਦੁਨੀਆ ਵਿਚ ਪਛਾਣ ਬਣਾਉਣ ਦੇ ਨਾਲ-ਨਾਲ, ਉਹ ਬਤੌਰ ਅਦਾਕਾਰ ਵੀ ਕਈ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ। ਉਥੇ ਹੀ ਹੁਣ ਡਵੇਨ ਜਾਨਸਨ ਨੇ ਵੱਡਾ ਐਲਾਨ ਕੀਤਾ ਗਿਆ ਹੈ। ਉਹ ਅਮਰੀਕੀ ਰਾਜਨੀਤੀ ਵਿਚ ਕਦਮ ਰੱਖਣ ’ਤੇ ਵਿਚਾਰ ਕਰ ਰਹੇ ਹਨ।

ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਨੇ ਕਿਹਾ ਕਿ ਜੇਕਰ ਉਹ ਕਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਲਈ ਮਾਣ ਦੀ ਗੱਲ ਹੋਵੇਗੀ। ਜਾਨਸਨ ਦੀ ਇਹ ਟਿੱਪਣੀ ਉਸ ਸਰਵੇਖਣ ਦੇ ਜਵਾਬ ਵਿਚ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਲੱਗਭਗ ਅੱਧੀ ਆਬਾਦੀ ਚਾਹੁੰਦੀ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਦਾਅਵੇਦਾਰੀ ਪੇਸ਼ ਕਰੇ।

PunjabKesari

ਡਬਲਊ.ਡਬਲਊ.ਈ. ਦੇ ਪਹਿਲਵਾਨ ਤੋਂ ਅਦਾਕਾਰ ਬਣੇ ਜਾਨਸਨ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਘੱਟੋ-ਘੱਟ 46 ਫੀਸਦੀ ਅਮਰੀਕੀ ਡਵੇਨ 'ਦਿ ਰੌਕ' ਜਾਨਸਨ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਦਾ ਸਮਰਥਨ ਕਰਨਗੇ।'' ਜਾਨਸਨ ਨੂੰ 'ਦਿ ਰੌਕ' ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਦਾਕਾਰ ਨੇ ਲਿਖਿਆ,''ਬਹੁਤ ਵਧੀਆ। ਮੈਨੂੰ ਨਹੀਂ ਲੱਗਦਾ ਕਿ ਸਾਡੇ ਸੰਸਥਾਪਕ ਮੈਂਬਰਾਂ ਨੇ ਕਦੇ ਸੋਚਿਆ ਹੋਵੇਗਾ ਕਿ ਕੋਈ 6 ਫੁੱਟ ਚਾਰ ਇੰਚ ਦਾ ਗੰਜਾ, ਟੈਟੂ ਗੁਦਵਾਉਣ ਵਾਲਾ, ਅੱਧਾ ਗੈਰ ਗੋਰਾ, ਅੱਧਾ ਸਮਾਓ, ਟਕੀਲਾ ਪੀਣ ਵਾਲਾ, ਫੈਨੀ ਬੈਗ ਪਾਉਣ ਵਾਲਾ ਸ਼ਖਸ਼ ਉਹਨਾਂ ਦੇ ਕਲੱਬ ਵਿਚ ਸ਼ਾਮਲ ਹੋਵੇਗਾ ਪਰ ਜੇਕਰ ਅਜਿਹਾ ਕਦੇ ਹੋਇਆ ਤਾਂ ਤੁਹਾਡੀ ਸੇਵਾ ਕਰਨਾ ਮੇਰੇ ਲਈ ਮਾਣ ਦੀ ਗੱਲ ਹੋਵੇਗੀ।'' 

ਅਸਲ ਵਿਚ ਜਾਨਸਨ ਦੇ ਪਿਤਾ ਗੈਰ ਗੋਰੇ ਸਨ ਅਤੇ ਮਾਂ ਸਮਾਓ ਦੀ ਰਹਿਣ ਵਾਲੀ ਹੈ। ਨਾਲ ਹੀ ਉਹ ਫੈਨੀ ਮਤਲਬ ਅੱਗੇ ਲੱਕ ਵੱਲ ਬੰਨ੍ਹਣ ਵਾਲਾ ਬੈਗ ਪਾਉਣ ਦੇ ਸਟਾਈਲ ਲਈ ਮਸ਼ਹੂਰ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰ ਨੇ ਰਾਸ਼ਟਰਪਤੀ ਚੋਣਾਂ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਜਾਨਸਨ ਨੇ 2017 ਵਿਚ ਕਿਹਾ ਸੀ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਦੇ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News