ਸੱਟਾਂ ਅਤੇ ਰਿਪਲੇਸਮੈਂਟ ''ਤੇ BCCI ਸਵਾਲਾਂ ਦੇ ਘੇਰੇ ''ਚ

Monday, Jul 01, 2019 - 09:18 PM (IST)

ਸੱਟਾਂ ਅਤੇ ਰਿਪਲੇਸਮੈਂਟ ''ਤੇ BCCI ਸਵਾਲਾਂ ਦੇ ਘੇਰੇ ''ਚ

ਬਰਮਿੰਘਮ— ਵਿਸ਼ਵ ਕੱਪ ਟੀਮ ਵਿਚ ਜ਼ਖ਼ਮੀ ਖਿਡਾਰੀਆਂ ਦੀਆਂ ਸੱਟਾਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਅਤੇ ਅਜਿਹੇ ਖਿਡਾਰੀਆਂ ਦੀ ਜਗ੍ਹਾ ਸ਼ਾਮਲ ਕੀਤੇ ਜਾਣ ਵਾਲੇ ਬਦਲਾਂ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਨੀਤੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸ ਵਿਸ਼ਵ ਕੱਪ 'ਚ ਹੁਣ ਤਕ ਭਾਰਤ ਦੇ ਦੋ ਖਿਡਾਰੀ ਜ਼ਖ਼ਮੀ ਹੋ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਚੁੱਕੇ ਹਨ। ਖੱਬੇ ਹੱਥ ਦਾ ਓਪਨਰ ਸ਼ਿਖਰ ਧਵਨ ਹੱਥ ਦੇ ਅੰਗੂਠੇ ਦੀ ਸੱਟ ਕਾਰਣ ਅਤੇ ਆਲਰਾਊਂਡਰ ਵਿਜੇ ਸ਼ੰਕਰ ਪੈਰ ਦੇ ਅੰਗੂਠੇ ਦੀ ਸੱਟ ਕਾਰਣ ਵਿਸ਼ਵ ਕੱਪ ਵਿਚੋਂ ਬਾਹਰ ਹੋ ਚੁੱਕੇ ਹਨ।
ਦੋਵਾਂ ਹੀ ਖਿਡਾਰੀਆਂ ਦੀਆਂ ਸੱਟਾਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਰਹੀ। ਸ਼ਿਖਰ ਨੂੰ ਹੱਥ ਦੇ ਅੰਗੂਠੇ ਵਿਚ ਹੇਅਰਲਾਈਨ ਫ੍ਰੈਕਚਰ ਸੀ ਪਰ ਟੀਮ ਮੈਨੇਜਮੈਂਟ ਨੇ ਉਸ 'ਤੇ ਫੈਸਲਾ ਲੈਣ ਵਿਚ ਤਕਰੀਬਨ 15 ਦਿਨ ਦਾ ਸਮਾਂ ਲਾ ਦਿੱਤਾ। ਟੀਮ ਮੈਨੇਜਮੈਂਟ ਇਹੀ ਉਮੀਦ ਕਰਦੀ ਰਹੀ ਕਿ ਸ਼ਿਖਰ ਠੀਕ ਹੋ ਜਾਵੇਗਾ, ਜਦਕਿ ਆਮ ਤੌਰ 'ਤੇ ਕਿਸੇ ਵੀ ਫ੍ਰੈਕਚਰ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ ਇਕ ਮਹੀਨੇ ਦਾ ਸਮਾਂ ਲੱਗਦਾ ਹੈ। ਟੀਮ ਮੈਨੇਜਮੈਂਟ ਨੂੰ ਆਖਿਰ ਸ਼ਿਖਰ ਨੂੰ ਬਾਹਰ ਕਰਨ ਦਾ ਫੈਸਲਾ ਕਰਨਾ ਪਿਆ। ਸ਼ਿਖਰ ਦੀ ਜਗ੍ਹਾ ਮੱਧਕ੍ਰਮ ਦੇ ਬੱਲੇਬਾਜ਼ ਰਿਸ਼ਭ ਪੰਤ ਨੂੰ ਬਦਲਵੇਂ ਖਿਡਾਰੀਆਂ ਵਿਚੋਂ ਟੀਮ ਵਿਚ ਲਿਆ ਗਿਆ। ਸ਼ਿਖਰ ਦੇ ਬਾਹਰ ਹੋਣ ਨਾਲ ਲੋਕੇਸ਼ ਰਾਹੁਲ ਨੂੰ ਓਪਨਿੰਗ ਵਿਚ ਭੇਜਿਆ ਗਿਆ। ਹੁਣ ਆਲਰਾਊਂਡਰ ਵਿਜੇ ਸ਼ੰਕਰ ਦੇ ਬਾਹਰ ਹੋਣ ਤੋਂ ਬਾਅਦ ਟੀਮ ਮੈਨੇਜਮੈਂਟ ਵਿਚ ਚੋਟੀਕ੍ਰਮ ਦੇ ਬੱਲੇਬਾਜ਼ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ, ਜਿਸ ਤੋਂ ਬਾਅਦ ਓਪਨਰ ਮਯੰਕ ਅਗਰਵਾਲ ਨੂੰ ਸ਼ੰਕਰ ਦੀ ਜਗ੍ਹਾ ਲੈਣ ਲਈ ਇੰਗਲੈਂਡ ਭੇਜਿਆ ਜਾਵੇਗਾ।
ਇਹ ਦਿਲਚਸਪ ਹੈ ਕਿ ਸ਼ੰਕਰ ਦੇ ਪੈਰ ਦੇ ਅੰਗੂਠੇ ਵਿਚ 19 ਜੂਨ ਨੂੰ ਨੈੱਟ ਅਭਿਆਸ ਦੌਰਾਨ ਜਸਪ੍ਰੀਤ ਬੁਮਰਾਹ ਦੀ ਯਾਰਕਰ ਨਾਲ ਸੱਟ ਲੱਗੀ ਸੀ ਅਤੇ ਉਸ 'ਤੇ ਫੈਸਲੇ ਲੈਣ ਵਿਚ ਟੀਮ ਮੈਨੇਜਮੈਂਟ ਨੇ ਤਕਰੀਬਨ 13 ਦਿਨ ਦਾ ਸਮਾਂ ਲਾ ਦਿੱਤਾ। ਇਹ ਹੈਰਾਨੀ ਦੀ ਗੱਲ ਹੈ ਕਿ ਟੀਮ ਨਾਲ ਜੁੜੇ ਟ੍ਰੇਨਰ ਇਹ ਸਾਫ ਨਹੀਂ ਕਰ ਸਕੇ ਕਿ ਸ਼ੰਕਰ ਦੀ ਸੱਟ ਕਿੰਨੇ ਸਮੇਂ ਵਿਚ ਠੀਕ ਹੋਵੇਗੀ। ਬੀ. ਸੀ. ਸੀ. ਆਈ. ਨੇ ਹੁਣ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਸ਼ੰਕਰ ਦੀ ਸੱਟ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ ਤਿੰਨ ਹਫਤਿਆਂ ਦਾ ਸਮਾਂ ਲੱਗੇਗਾ, ਜਿਸ ਨਾਲ ਉਹ ਬਾਕੀ ਟੂਰਨਾਮੈਂਟ ਲਈ ਬਾਹਰ ਹੋ ਗਿਆ ਹੈ।
ਟੀਮ ਦੇ ਇਕ ਹੋਰ ਮਹੱਤਵਪੂਰਨ ਮੈਂਬਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਹੈਮਸਟਿੰਰਗ ਸੱਟ ਨੂੰ ਲੈ ਕੇ ਵੀ ਅਜੇ ਸਥਿਤੀ ਸਾਫ ਨਹੀਂ ਹੈ। ਇਸ ਸੱਟ ਕਾਰਣ ਭੁਵਨੇਸ਼ਵਰ ਭਾਰਤ ਦੇ ਪਿਛਲੇ 3 ਮੈਚ ਨਹੀਂ ਖੇਡ ਸਕਿਆ ਹੈ। ਟੀਮ ਮੈਨੇਜਮੈਂਟ ਉਮੀਦ ਕਰ ਰਹੀ ਸੀ ਕਿ ਭੁਵਨੇਸ਼ਵਰ ਇੰਗਲੈਂਡ ਵਿਰੁੱਧ 30 ਜੂਨ ਦੇ ਮੈਚ ਤਕ ਫਿੱਟ ਹੋ ਜਾਵੇਗਾ ਪਰ ਉਹ ਅਜੇ ਤਕ ਫਿੱਟ ਨਹੀਂ ਹੋ ਸਕਿਆ। ਭੁਵਨੇਸ਼ਵਰ ਦੀ ਜਗ੍ਹਾ ਉਤਰੇ ਮੁਹੰਮਦ ਸ਼ੰਮੀ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਤਿੰਨ ਮੈਚਾਂ ਵਿਚ 13 ਵਿਕਟਾਂ ਲੈ ਚੁੱਕਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਮਯੰਕ ਅਗਰਵਾਲ ਬਦਲਵੇਂ ਖਿਡਾਰੀਆਂ ਵਿਚ ਸ਼ਾਮਲ ਨਹੀਂ ਸੀ ਤੇ ਚੋਣ ਕਮੇਟੀ ਨੇ ਬਦਲਵੇਂ ਖਿਡਾਰੀਆਂ ਵਿਚ ਸ਼ਾਮਲ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਦਾ ਦਾਅਵਾ ਰੱਦ ਕਰ ਕੇ ਮਯੰਕ ਨੂੰ ਵਿਸ਼ਵ ਕੱਪ ਵਿਚ ਭੇਜਣ ਦਾ ਫੈਸਲਾ ਕੀਤਾ ਹੈ। ਮਯੰਕ ਦੇ ਚੁਣੇ ਜਾਣ ਨਾਲ ਹੁਣ ਟੀਮ ਵਿਚ ਤਿੰਨ ਓਪਨਰ ਹੋ ਜਾਣਗੇ ਤੇ ਸ਼੍ਰੀਲੰਕਾ ਵਿਰੁੱਧ ਅਗਲੇ ਮੈਚ ਵਿਚ ਟੀਮ ਸੰਯੋਜਨ ਨੂੰ ਲੈ ਕੇ ਦਿਲਚਸਪ ਸਥਿਤੀ ਹੋਵੇਗੀ।


author

Gurdeep Singh

Content Editor

Related News