ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਕੱਲ੍ਹ, ਆਸਟ੍ਰੇਲੀਆ ਵਿਰੁੱਧ 6ਵਾਂ ਵਿਸ਼ਵ ਖਿਤਾਬ ਜਿੱਤਣ ਨੂੰ ਤਿਆਰ ਹੈ ਭਾਰਤੀ ਯੂਥ ਬ੍ਰਿਗੇਡ

Saturday, Feb 10, 2024 - 07:49 PM (IST)

ਬੇਨੋਨੀ (ਦੱਖਣੀ ਅਫਰੀਕਾ)–ਭਾਰਤ ਦੇ 18 ਤੇ 19 ਸਾਲ ਦੇ ਨੌਜਵਾਨ ਕ੍ਰਿਕਟਰ ਐਤਵਾਰ ਨੂੰ ਇੱਥੇ ਆਸਟ੍ਰੇਲੀਆ ਵਿਰੁੱਧ ਫਾਈਨਲ ਜਿੱਤ ਕੇ ਰਿਕਾਰਡ 6ਵਾਂ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਕੋਈ ਕਸਰ ਨਹੀਂ ਛੱਡਣਗੇ, ਜਿਸ ਤੋਂ ਬਾਅਦ ਕੁਝ ਦੇ ਕਰੀਅਰ ਨੂੰ ਉਡਾਣ ਭਰਨ ਲਈ ਖੰਭ ਮਿਲਣਗੇ ਜਦਕਿ ਕੁਝ ਗੁੰਮਨਾਮੀ ਵਿਚ ਡੁੱਬ ਜਾਣਗੇ। ਪਿਛਲੇ ਸਾਲ 19 ਨਵੰਬਰ ਨੂੰ ਆਸਟ੍ਰੇਲੀਅਨ ਟੀਮ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਸੀਨੀਅਰ ਟੀਮ ਨੂੰ ਵਿਸ਼ਵ ਪੱਧਰੀ ਮੰਚ ’ਤੇ ਹਰਾ ਦਿੱਤਾ ਸੀ, ਜਿਸ ਨਾਲ ਉਦੈ ਸਹਾਰਨ ਦੀ ਅਗਵਾਈ ਵਾਲੀ ਟੀਮ ਦਾ ਆਸਟ੍ਰੇਲੀਆ ਦੀ ਅੰਡਰ-19 ਟੀਮ ਨੂੰ ਹਰਾ ਕੇ ਖਿਤਾਬ ਜਿੱਤਣਾ ਸੁਖਦਾਇਕ ਹੋਵੇਗਾ।
ਕਪਤਾਨ ਸਹਾਰਨ ਨੇ ਹਾਲ ਹੀ ਵਿਚ ਬੇਨੋਨੀ ਤੋਂ ਦਿੱਤੀ ਇੰਟਰਵਿਊ ਵਿਚ ਕਿਹਾ ਸੀ, ‘‘ਫਾਈਨਲ ਵਿਚ ਸਾਹਮਣੇ ਆਸਟ੍ਰੇਲੀਆ ਹੋਵੇ ਜਾਂ ਪਾਕਿਸਤਾਨ, ਫਰਕ ਨਹੀਂ ਪੈਦਾ। ਅਸੀਂ ਵਿਰੋਧੀ ਟੀਮ ’ਤੇ ਫੋਕਸ ਨਹੀਂ ਕਰ ਰਹੇ ਤੇ ਆਪਣੀ ਖੇਡ ’ਤੇ ਧਿਆਨ ਦੇ ਰਹੇ ਹਾਂ। ਅਸੀਂ ਮੈਚ ਦਰ ਮੈਚ ਰਣਨੀਤੀ ਬਣਾਈ ਹੈ ਤੇ ਹਰ ਮੈਚ ਨੂੰ ਸੰਜੀਦਗੀ ਨਾਲ ਲੈ ਰਹੇ ਹਾਂ।’’
ਇਹ ਪੁੱਛਣ ’ਤੇ ਕਿ ਆਸਟ੍ਰੇਲੀਆ ਵਿਰੁੱਧ ਕੀ ਬਦਲਾ ਦਿਮਾਗ ਵਿਚ ਹੋਵੇਗਾ ਕਿਉਂਕਿ ਸੀਨੀਅਰ ਟੀਮ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਉਸ ਤੋਂ ਹਾਰ ਗਈ ਸੀ, ਉਸ ਨੇ ਕਿਹਾ, ‘‘ਅਜਿਹਾ ਕੁਝ ਨਹੀਂ ਸੋਚ ਰਹੇ ਹਾਂ। ਅਸੀਂ ਆਪਣੀ ਖੇਡ ’ਤੇ ਫੋਕਸ ਕਰ ਰਹੇ ਹਾਂ ਤੇ ਸਾਨੂੰ ਆਪਣਾ ਸਰਵਸ੍ਰੇਸ਼ਠ ਦੇਣਾ ਹੈ। ਮੈਚ ਹਾਲਾਤ ਦੇ ਹਿਸਾਬ ਨਾਲ ਖੇਡ ਰਹੇ ਹਾਂ। ਹਰ ਮੈਚ ਮਹੱਤਵਪੂਰਨ ਹੈ ਕਿਉਂਕਿ ਇਹ ਵਿਸ਼ਵ ਕੱਪ ਹੈ ਤੇ ਸਾਰੀਆਂ ਟੀਮਾਂ ਚੰਗੀਆਂ ਹਨ।’’
ਆਸਟ੍ਰੇਲੀਅਨ ਕਪਤਾਨ ਹਿਊ ਵੇਬਗੇਨ, ਸਲਾਮੀ ਬੱਲੇਬਾਜ਼ ਹੈਰੀ ਡਿਕਸਨ, ਤੇਜ਼ ਗੇਂਦਬਾਜ਼ ਟਾਮ ਸਟ੍ਰੇਕਰ ਤੇ ਕੈਡਲ ਵਿਲਡਰ ਨੇ ਇਸ ਗੇੜ ਦੌਰਾਨ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਜਿਹੜਾ ਭਾਰਤ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।
ਭਾਰਤ ਦੀ ਅੰਡਰ-19 ਟੀਮ ਨੇ 2012 ਤੇ 2018 ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ ਤੇ ਇਸ ਗੇੜ ਦੇ ਖਿਤਾਬੀ ਮੈਚ ਵਿਚ ਵੀ ਉਹ ਪ੍ਰਮੁੱਖ ਦਾਅਵੇਦਾਰ ਹੋਵੇਗੀ। ਭਾਰਤੀ ਟੀਮ ਹਮੇਸ਼ਾ ਉਮਰ ਵਰਗ ਦੇ ਟੂਰਨਾਮੈਂਟ ਵਿਚ ‘ਪਾਵਰਹਾਊਸ’ ਰਹੀ ਹੈ ਤੇ ਇਸ ਟੂਰਨਾਮੈਂਟ ਵਿਚ 9ਵੀਂ ਵਾਰ ਫਾਈਨਲ ਵਿਚ ਪਹੁੰਚਣਾ ਇਸਦਾ ਸਬੂਤ ਹੈ। ਭਾਰਤ ਦੀ ਅੰਡਰ-19 ਟੀਮ ਨੇ 2016 ਤੋਂ ਬਾਅਦ ਸਾਰੇ ਫਾਈਨਲ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 2018 ਤੇ 2022 ਗੇੜ ਵਿਚ ਖਿਤਾਬ ਜਿੱਤੇ ਹਨ ਜਦਕਿ 2016 ਤੇ 2020 ਵਿਚ ਉਸ ਨੂੰ ਹਾਰ ਮਿਲੀ ਹੈ।
ਵਿਰਾਟ ਕੋਹਲੀ ਦੀ ਟੀਮ ਨੇ 2008 ਵਿਚ ਟਰਾਫੀ ਜਿੱਤੀ ਸੀ, ਜਿਸ ਤੋਂ ਬਾਅਦ ਤੋਂ ਅੰਡਰ-19 ਵਿਸ਼ਵ ਕੱਪ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਲਾਈਵ ਟੀ. ਵੀ. ਕਵਰੇਜ ਤੇ ਸਟ੍ਰੀਮਿੰਗ ਨਾਲ ਇਸਦੇ ਪ੍ਰਤੀ ਉਤਸ਼ਾਹ ਵੀ ਵਧ ਗਿਆ ਹੈ। ਅੰਡਰ-19 ਵਿਸ਼ਵ ਕੱਪ ਨੇ ਯੁਵਰਾਜ ਸਿੰਘ, ਮੁਹੰਮਦ ਕੈਫ, ਸੁਰੇਸ਼ ਰੈਨਾ, ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਕੇ. ਐੱਲ. ਰਾਹੁਲ, ਰਿਸ਼ਭ ਪੰਤ, ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਵਰਗੇ ਸਟਾਰ ਕ੍ਰਿਕਟਰ ਦਿੱਤੇ ਹਨ ਪਰ ਉਨ੍ਹਾਂ ਖਿਡਾਰੀਆਂ ਦੀ ਸੂਚੀ ਇਸ ਤੋਂ ਵੀ ਵੱਧ ਵੱਡੀ ਹੈ ਜਿਹੜੇ ‘ਸਟਾਰਡਮ’ ਹਾਸਲ ਕਰਨ ਤੋਂ ਬਾਅਦ ਚੋਟੀ ਪੱਧਰ ਤਕ ਪਹੁੰਚਣ ਵਿਚ ਅਸਫਲ ਰਹੇ। 2000 ਦੇ ਦਹਾਕੇ ਦੇ ਸ਼ੁਰੂ ਵਿਚ ਰੀਤਿੰਦਰ ਸਿੰਘ ਸੋਢੀ ਤੇ ਗੌਰਵ ਧੀਮਾਨ ਤੋਂ ਲੈ ਕੇ ਉਨਮੁਕਤ ਚੰਦ, ਹਰਮੀਤ ਸਿੰਘ, ਵਿਜੇ ਜੌਲ, ਸੰਦੀਪ ਸ਼ਰਮਾ, ਅਜਿਤੇਸ਼ ਅਰਗਲ, ਕਮਲ ਪਾਸੀ, ਸਿਧਾਰਥ ਕੌਲ, ਸਮਿਤ ਪਟੇਲ, ਰਵੀਕਾਂਤ ਸਿੰਘ ਤੇ ਕਮਲੇਸ਼ ਨਾਗਰਕੋਟੀ ਤਕ ਦੇਖੋ ਤਾਂ ਇਹ ਸੂਚੀ ਕਾਫੀ ਲੰਭੀ ਹੈ ਪ੍ਰਿਥਵੀ ਸ਼ਾਹ ਆਪਣੇ ਕਰੀਅਰ ਨੂੰ ਫਿਰ ਤੋਂ ਸੰਵਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਯਸ਼ ਢੁਲ ਨੂੰ ਸੀਨੀਅਰ ਪੱਧਰ ਦੀ ਕ੍ਰਿਕਟ ਦੇ ਮਾਪਦੰਡਾਂ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ।
ਸਹਾਰਨ ਦੀ ਅਗਵਾਈ ਵਾਲੀ ਮੌਜੂਦਾ ਟੀਮ ਸ਼ੁਰੂ ਵਿਚ ਇੰਨੀ ਸ਼ਾਨਦਾਰ ਨਹੀਂ ਦਿਸ ਰਹੀ ਸੀ ਕਿਉਂਕਿ ਕੁਝ ਮਹੀਨੇ ਪਹਿਲਾਂ ਉਹ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ ਸੀ ਪਰ ਇੱਥੇ ਟੀਮ ਫਾਰਮ ਵਿਚ ਆ ਗਈ ਹੈ।
ਬੱਲੇਬਾਜ਼ਾਂ ਦੀ ਸੂਚੀ ਵਿਚ 389 ਦੌੜਾਂ ਬਣਾ ਕੇ ਚੋਟੀ ’ਤੇ ਚੱਲ ਰਹੇ ਸਹਾਰਨ ਦੀ ਅਗਵਾਈ ਵਿਚ ਟੀਮ ਦਾ ਪ੍ਰਦਰਸ਼ਨ ਹਰੇਕ ਮੈਚ ਵਿਚ ਬਿਹਤਰ ਹੁੰਦਾ ਗਿਆ ਤੇ ਉਸ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਸਿਰਫ ਸੈਮੀਫਾਈਨਲ ਹੀ ਅਜਿਹਾ ਸੀ, ਜਿਸ ਵਿਚ ਉਸ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਸਿਰਫ 1 ਵਿਕਟ ਨਾਲ ਹਰਾਇਆ। ਸਰਫਰਾਜ਼ ਖਾਨ ਦਾ ਛੋਟਾ ਭਰਾ ਮੁਸ਼ੀਰ ਖਾਨ ਕਪਤਾਨ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਖਿਡਾਰੀ ਹੈ ਤੇ ਇਕ ਉਪਯੋਗੀ ਖੱਬੇ ਹੱਥ ਦਾ ਸਪਿਨਰ ਵੀ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰਾਜ ਲਿੰਬਾਨੀ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਮਨ ਤਿਵਾੜੀ ਪ੍ਰਭਾਵਸ਼ਾਲੀ ਰਹੇ ਹਨ ਪਰ ਅਗਲੇ ਪੱਧਰ ਲਈ ਤਿਆਰ ਨਹੀਂ ਹਨ ਪਰ ਐਤਵਾਰ ਨੂੰ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਇਸ ਪੱਧਰ ਲਈ ਕਾਫੀ ਹੋਵੇਗਾ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਉਦੈ ਸਹਾਰਨ (ਕਪਤਾਨ), ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਧਾਸ, ਪ੍ਰਿਆਂਸ਼ੂ ਮੋਲੀਆ, ਮੁਸ਼ੀਰ ਖਾਨ, ਅਰਾਵਲੀ ਅਵਨੀਸ਼ ਰਾਵ (ਵਿਕਟਕੀਪਰ), ਸੌਮਿਆ ਕੁਮਾਰ ਪਾਂਡੇ (ਉਪ ਕਪਤਾਨ), ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ (ਵਿਕਟਕੀਪਰ) ਧਨੁਸ਼ ਗੌੜਾ, ਆਰਾਧਿਆ ਸ਼ੁਕਲਾ, ਰਾਜ ਲਿੰਬਾਨੀ, ਨਮਨ ਤਿਵਾੜੀ।
ਆਸਟ੍ਰੇਲੀਆ : ਹਿਊ ਵੇਬਗੇਨ (ਕਪਤਾਨ), ਲਾਚਲਾਨ ਐਟਕੇਨ, ਚਾਰਲੀ ਐਂਡਰਸਨ, ਸੈਮ ਕੋਨਸਟਾਸ, ਰਾਫੇਲ ਮੈਕਮਿਲਨ, ਐਡਨ ਓਕੋਨੋਰ, ਹਰਜਸ ਸਿੰਘ, ਟਾਮ ਸਟ੍ਰੇਕਰ, ਕੈਲਮ ਵਿਲਡਰ ਤੇ ਓਲੀ ਪੀਕ।


Aarti dhillon

Content Editor

Related News