ਅੰਪਾਇਰਾਂ ਦੇ ਫੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦੈ : ਸੰਜੂ ਦੇ ਆਊਟ ਵਾਲੇ ਵਿਵਾਦ ''ਤੇ ਬੋਲੇ ਆਮਰੇ
Wednesday, May 08, 2024 - 09:36 PM (IST)
ਸਪੋਰਟਸ ਡੈਸਕ- ਦਿੱਲੀ ਦੇ ਸਹਾਇਕ ਕੋਚ ਪ੍ਰਵੀਨ ਆਮਰੇ ਨੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਅਤੇ ਮੈਦਾਨ 'ਤੇ ਚੱਲ ਰਹੇ ਅੰਪਾਇਰਾਂ ਵਿਚਾਲੇ ਹੋਏ ਵਿਵਾਦ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅੰਪਾਇਰਾਂ ਦੇ ਫੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਦੇ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੈਮਸਨ 46 ਗੇਂਦਾਂ 'ਚ 86 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਰਾਇਲਜ਼ ਨੂੰ 27 ਗੇਂਦਾਂ 'ਤੇ 60 ਦੌੜਾਂ ਦੀ ਲੋੜ ਸੀ ਪਰ ਮੰਗਲਵਾਰ ਰਾਤ ਟੀਮ 20 ਦੌੜਾਂ ਨਾਲ ਹਾਰ ਗਈ। ਜੇਕਰ ਰਾਇਲਜ਼ ਦੀ ਟੀਮ ਜਿੱਤ ਜਾਂਦੀ ਤਾਂ ਪਲੇਅ-ਆਫ 'ਚ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਜਾਂਦੀ, ਜਦਕਿ ਦਿੱਲੀ ਦੀ ਟੀਮ ਨਾਕਆਊਟ ਦੀ ਦੌੜ 'ਚੋਂ ਬਾਹਰ ਹੋ ਜਾਂਦੀ।
ਸੈਮਸਨ ਜਦੋਂ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਪਰਤੇ ਤਾਂ ਉਹ ਖੁਸ਼ ਨਹੀਂ ਸੀ ਕਿਉਂਕਿ ਅਜਿਹਾ ਸ਼ੱਕ ਸੀ ਕਿ ਕੈਚਰ ਸ਼ਾਈ ਹੋਪ ਦੇ ਪੈਰ ਸੀਮਾ ਰੇਖਾ ਨੂੰ ਛੂਹੇ ਹੋਣ। ਫੈਸਲਾ ਟੀਵੀ ਅੰਪਾਇਰ ਨੂੰ ਭੇਜਿਆ ਗਿਆ ਜਿਸ ਨੇ ਸੈਮਸਨ ਨੂੰ ਆਊਟ ਘੋਸ਼ਿਤ ਕਰ ਦਿੱਤਾ ਪਰ ਰਾਇਲਜ਼ ਦੇ ਕਪਤਾਨ ਨੇ ਵਾਪਸ ਲੈਣ ਤੋਂ ਪਹਿਲਾਂ ਮੈਦਾਨੀ ਅੰਪਾਇਰ ਨਾਲ ਬਹਿਸ ਕਰਨ ਦਾ ਫੈਸਲਾ ਕੀਤਾ।
ਆਮਰੇ ਨੇ ਕਿਹਾ, 'ਆਈਪੀਐੱਲ ਵਿੱਚ ਕੁਝ ਪਲ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਮੈਚ ਦਾ ਫੈਸਲਾਕੁੰਨ ਪਲ ਸੀ।' ਉਨ੍ਹਾਂ ਨੇ ਕਿਹਾ, 'ਸੰਜੂ ਬਹੁਤ ਵਧੀਆ ਬੱਲੇਬਾਜ਼ੀ ਕਰ ਰਿਹਾ ਸੀ। ਜਿਸ ਤਰ੍ਹਾਂ ਹੋਪ ਨੇ ਇਹ ਕੈਚ ਲਿਆ, ਉਸ ਦਾ ਸਿਹਰਾ ਸਾਨੂੰ ਦੇਣਾ ਹੋਵੇਗਾ। ਅੰਪਾਇਰ ਮੌਜੂਦ ਹਨ ਅਤੇ ਬਹੁਤ ਸਾਰੀ ਤਕਨੀਕ ਹੈ। ਆਮਰੇ ਨੇ ਕਿਹਾ, 'ਅਸੀਂ ਡਗਆਊਟ 'ਚ ਵੀ ਸੋਚਿਆ ਸੀ ਕਿ ਉਨ੍ਹਾਂ ਨੇ ਅਜਿਹਾ ਕੀਤਾ (ਬਾਉਂਡਰੀ ਲਾਈਨ ਨੂੰ ਛੂਹਿਆ) ਪਰ ਖੇਡ 'ਚ ਅਜਿਹਾ ਹੁੰਦਾ ਹੈ ਅਤੇ ਅੰਪਾਇਰ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ। ਇਹ ਕੋਈ ਆਸਾਨ ਕੈਚ ਨਹੀਂ ਸੀ, ਸ਼ਾਟ ਬਹੁਤ ਤੇਜ਼ੀ ਨਾਲ ਮਾਰਿਆ ਗਿਆ। ਮੈਚ ਤੋਂ ਬਾਅਦ ਵੀ ਮੈਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਗੇਂਦ ਬਹੁਤ ਤੇਜ਼ੀ ਨਾਲ ਆਈ ਸੀ।
ਮੰਗਲਵਾਰ ਦੀ ਜਿੱਤ ਤੋਂ ਬਾਅਦ, ਦਿੱਲੀ ਕੈਪੀਟਲਸ ਦੀ ਟੀਮ ਅੰਕ ਸੂਚੀ ਵਿੱਚ ਇੱਕ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਟੀਮ ਦੇ ਹੁਣ 12 ਅੰਕ ਹਨ ਅਤੇ ਉਹ ਵੱਧ ਤੋਂ ਵੱਧ 16 ਅੰਕ ਹਾਸਲ ਕਰ ਸਕਦੀ ਹੈ ਜਦਕਿ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਕੋਲ 18 ਅੰਕ ਹਾਸਲ ਕਰਨ ਅਤੇ ਪਲੇਆਫ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।