ਸ਼ਰਾਬ ਦੇ ਠੇਕਿਆਂ ਦੀ ਬੋਲੀ ਨੂੰ ਲੈ ਕੇ ਟੁੱਟੇ ਰਿਕਾਰਡ, ਇਤਿਹਾਸ ''ਚ ਪਹਿਲੀ ਵਾਰ ਹੋਇਆ ਇਹ ਕੰਮ
Saturday, Apr 05, 2025 - 11:50 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਵਿਚ ਠੇਕਿਆਂ ਦੀ ਨਿਲਾਮੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸੈਕਟਰ-20 ਸਥਿਤ 4.22 ਕਰੋੜ ਸ਼ਰਾਬ ਦੇ ਠੇਕੇ ਲਈ ਸ਼ੁੱਕਰਵਾਰ ਨੂੰ ਹੋਈ ਨਿਲਾਮੀ ਵਿਚ 55.50 ਕਰੋੜ ਰੁਪਏ ਦੀ ਹੈਰਾਨੀਜਨਕ ਬੋਲੀ ਲੱਗੀ। ਚੰਡੀਗੜ੍ਹ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸ਼ਰਾਬ ਠੇਕੇ ਦੀ ਕੀਮਤ ਇੰਨੀ ਜ਼ਿਆਦਾ ਪਹੁੰਚੀ ਹੈ। ਇਸ ਦੇ ਨਾਲ ਹੀ ਸ਼ਰਾਬ ਠੇਕੇ ਲਈ ਇੰਨੀ ਵੱਡੀ ਬੋਲੀ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਆਬਕਾਰੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਗਲਤੀ ਨਾਲ ਹੋ ਸਕਦਾ ਹੈ ਕਿ 5 ਕਰੋੜ ਦੀ ਥਾਂ 55 ਕਰੋੜ ਰੁਪਏ ਦਰਜ ਕੀਤੇ ਗਏ ਹੋਣ। ਹਾਲਾਂਕਿ, ਕਾਰੋਬਾਰੀਆਂ ਨੇ ਇਸਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਹੁਣ ਵਿਭਾਗ 55 ਕਰੋੜ ਰੁਪਏ ਦੀ ਬੋਲੀ ਲਗਾਉਣ ਵਾਲੇ ਨੂੰ 7 ਦਿਨਾਂ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਸਮਾਂ ਦੇਵੇਗਾ, ਨਹੀਂ ਤਾਂ 25 ਲੱਖ ਰੁਪਏ ਦਾ ਈ. ਐੱਮ. ਡੀ ਜ਼ਬਤ ਕਰ ਲਿਆ ਜਾਵੇਗਾ। ਕੁਝ ਲੋਕ ਸ਼ਰਾਬ ਦੇ ਠੇਕੇ ਲਈ ਇਸ ਵੱਡੀ ਬੋਲੀ ਨੂੰ ਇਕ ਸੋਚੀ ਸਮਝੀ ਰਣਨੀਤੀ ਦੱਸ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਡਿਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋਏ ਜਾਰੀ
ਮੋਨੋਪੋਲੀ ਸਥਾਪਿਤ ਕਰਨ ਦਾ ਹੋ ਸਕਦਾ ਹੈ ਇਕ ਤਰੀਕਾ
ਇਸ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਇਹ ਆਪਣੀ ਮੋਨੋਪੋਲੀ ਸਥਾਪਿਤ ਕਰਨ ਦਾ ਇਕ ਤਰੀਕਾ ਹੈ, ਜਿਸ ਨਾਲ ਕੋਈ ਹੋਰ ਵਿਅਕਤੀ ਸ਼ਰਾਬ ਠੇਕਾ ਨਾ ਲੈ ਸਕੇ ਅਤੇ ਚੋਣਵੇਂ ਹੱਥਾਂ ਵਿਚ ਹੀ ਸਾਰੇ ਠੇਕੇ ਸੀਮਿਤ ਰਹਿ ਜਾਣ। ਇਸ ਨਾਲ ਠੇਕਿਆਂ ’ਤੇ ਵਿਕਣ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ ਮਨਮਾਨਾ ਵਾਧਾ ਕਰਕੇ ਉਸ ਨੂੰ ਵੇਚਿਆ ਜਾ ਸਕੇ। ਦਰਅਸਲ ਚੰਡੀਗੜ੍ਹ ਵਿਚ ਸ਼ਰਾਬ ਦੇ ਰੇਟ ਦੇ ਤੌਰ ’ਤੇ ਲਿਖੀ ਜਾਣ ਵਾਲੀ ਐੱਮ.ਆਰ.ਪੀ. ਦਾ ਮਤਲਬ ਘੱਟੋ-ਘੱਟ ਪ੍ਰਚੂਨ ਕੀਮਤ (ਮਿਨੀਮਮ ਰੀਟੇਲ ਪ੍ਰਾਈਜ਼) ਹੈ। ਜਿਸ ਦਾ ਮਤਲਬ ਹੈ ਕਿ ਸ਼ਰਾਬ ਠੇਕੇਦਾਰ ਲਿਖੇ ਗਏ ਰੇਟ ਤੋਂ ਘੱਟ ’ਤੇ ਸ਼ਰਾਬ ਨਹੀਂ ਵੇਚ ਸਕਦਾ ਹੈ, ਜਦੋ ਕਿ ਉਸ ਤੋਂ ਵੱਧ ਚਾਹੇ ਤਾਂ ਚਾਰ ਗੁਣਾ ਵੱਧ ਰੇਟ ’ਤੇ ਸ਼ਰਾਬ ਦੀ ਉਕਤ ਬੋਤਲ ਨੂੰ ਵੇਚ ਸਕਦਾ ਹੈ। ਜੇਕਰ ਅਜਿਹਾ ਹੈ ਤਾਂ ਚੰਡੀਗੜ੍ਹ ਵਿਚ ਸ਼ਰਾਬ ਦੇ ਰੇਟਾਂ ਵਿਚ ਵਾਧਾ ਵੀ ਹੋਵੇਗਾ।
ਇਹ ਵੀ ਪੜ੍ਹੋ : ਅੱਠਵੀਂ ਦੇ ਨਤੀਜਿਆਂ ਦਾ ਐਲਾਨ, ਹੁਸ਼ਿਆਰਪੁਰ ਦੇ ਪੁਨੀਤ ਨੇ ਪੰਜਾਬ ਭਰ 'ਚੋਂ ਕੀਤਾ ਟਾਪ
ਗਲਤੀ ਨਹੀਂ ਇਕ ਵੱਡੀ ਸਾਜ਼ਿਸ਼ : ਕਲੇਰ
ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਪ੍ਰਕਿਰਿਆ ਨੂੰ ਲੈ ਕੇ ਈ-ਆਕਸ਼ਨ ਦਾ ਤਰੀਕਾ ਅਪਣਾਉਂਦੇ ਹੋਏ 97 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਸੀ। ਜਿਸ ਵਿਚੋਂ ਸੈਕਟਰ-20 ਦਾ ਇਕ ਠੇਕਾ ਨਹੀਂ ਵਿਕ ਪਾਇਆ ਸੀ। ਉਸੇ ਠੇਕੇ ਦੀ ਨਿਲਾਮੀ ਲਈ ਸ਼ੁੱਕਰਵਾਰ ਨੂੰ ਬੋਲੀ ਖੋਲ੍ਹੀ ਗਈ। ਇਸ ਠੇਕੇ ਲਈ ਆਬਕਾਰੀ ਵਿਭਾਗ ਵੱਲੋਂ ਰਿਜ਼ਰਵ ਪ੍ਰਾਈਜ਼ 4 ਕਰੋੜ 22 ਲੱਖ ਰੁਪਏ ਰੱਖਿਆ ਸੀ। ਇਸ ਠੇਕੇ ਲਈ ਲਗਾਈ ਗਈ ਬੋਲੀ ਜਦੋਂ ਖੁੱਲ੍ਹੀ ਤਾਂ ਪਤਾ ਲੱਗਿਆ ਕਿ ਕੁਲ ਤਿੰਨ ਬੋਲੀਆਂ ਲੱਗੀਆਂ ਹਨ। ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਕਿ ਤਿੰਨ ਬੋਲੀਆਂ ਵਿਚੋਂ ਸਭ ਤੋਂ ਵੱਧ ਬੋਲੀ 55 ਕਰੋੜ 50 ਲੱਖ ਰੁਪਏ ਦੀ ਆਈ ਸੀ। ਦੂਜੀ ਬੋਲੀ 5 ਕਰੋੜ 55 ਲੱਖ ਅਤੇ ਤੀਜੀ ਬੋਲੀ 5 ਕਰੋੜ 51 ਲੱਖ ਰੁਪਏ ਦੀ ਸੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 55 ਕਰੋੜ ਦੀ ਬੋਲੀ ਗਲਤੀ ਨਾਲ ਲੱਗੀ ਹੈ। ਬੋਲੀ ਲਗਾਉਣ ਵਾਲੇ ਨੇ ਇਕ 5 ਵਾਧੂ ਜੋੜ ਦਿੱਤਾ ਹੋਵੇਗਾ, ਜਿਸ ਨਾਲ ਉਸ ਦੀ ਬੋਲੀ 55 ਕਰੋੜ ਰੁਪਏ ਕੀਤੀ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ 'ਚ ਹੈਰਾਨ ਕਰਨ ਵਾਲੀ ਘਟਨਾ, ਮਿੰਟਾਂ 'ਚ ਪੈ ਗਿਆ ਭੜਥੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e