U-19 ਵਰਲਡ ਕੱਪ : ਕੱਲ ਤੋਂ ਹੋਵੇਗਾ ਸ਼ੁਰੂ, ਕੀ ਚੌਥੀ ਵਾਰ ਚੈਂਪੀਅਨ ਬਣੇਗਾ ਭਾਰਤ

01/12/2018 1:40:27 PM

ਨਵੀਂ ਦਿੱਲੀ (ਬਿਊਰੋ)— ਆਈ.ਸੀ.ਸੀ. ਅੰਡਰ-19 ਵਰਲਡ ਕੱਪ ਦੇ 12ਵੇਂ ਟੂਰਨਾਮੈਂਟ ਦਾ ਪ੍ਰਬੰਧ 13 ਜਨਵਰੀ ਯਾਨੀ ਕੱਲ ਤੋਂ ਨਿਊਜ਼ੀਲੈਂਡ ਵਿਚ ਹੋਣ ਜਾ ਰਿਹਾ ਹੈ। 2018 ਅੰਡਰ-19 ਵਰਲਡ ਕੱਪ ਵਿਚ ਭਾਰਤ ਆਪਣਾ ਪਹਿਲਾ ਮੁਕਾਬਲਾ ਆਸਟਰੇਲੀਆ ਨਾਲ 14 ਜਨਵਰੀ ਨੂੰ ਖੇਡੇਗਾ। ਨਿਊਜ਼ੀਲੈਂਡ ਦੇ 7 ਅਲੱਗ-ਅਲੱਗ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿਚ ਕੁਲ 16 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਕੁਲ 22 ਦਿਨਾਂ ਤੱਕ ਇਹ ਮੁਕਾਬਲੇ ਚੱਲਣਗੇ।

ਗਰੁੱਪ ਬੀ 'ਚ ਭਾਰਤ ਦੇ ਮੁਕਾਬਲੇ
1. ਭਾਰਤ ਬਨਾਮ ਆਸਟਰੇਲੀਆ- 14 ਜਨਵਰੀ (ਸਵੇਰੇ 6:30 ਵਜੇ)- ਮਾਊਂਟ ਮੌਨਗਨੁਈ
2. ਭਾਰਤ ਬਨਾਮ ਪਪੁਆ ਨਿਊਗੀਨੀ- 16 ਜਨਵਰੀ (ਸਵੇਰੇ 6:30 ਵਜੇ)- ਮਾਊਂਟ ਮੌਨਗਨੁਈ
3. ਭਾਰਤ ਬਨਾਮ ਜਿੰਬਾਬਵੇ- 19 ਜਨਵਰੀ (ਸਵੇਰੇ 6:30 ਵਜੇ)- ਮਾਊਂਟ ਮੌਨਗਨੁਈ

3 ਵਾਰ ਚੈਂਪੀਅਨ ਬਣੀ ਹੈ ਟੀਮ ਇੰਡੀਆ
ਟੀਮ ਇੰਡੀਆ ਨੇ ਸਾਲ 2016 ਵਿਚ ਵੈਸਟਇੰਡੀਜ਼ ਤੋਂ ਫਾਈਨਲ ਗੁਆ ਦਿੱਤਾ ਸੀ, ਪਰ ਉਹ ਤਿੰਨ ਵਾਰ ਅੰਡਰ-19 ਵਰਲਡ ਕੱਪ ਜਿੱਤ ਚੁੱਕੀ ਹੈ। ਸਾਲ 2000 ਵਿਚ ਮੁਹੰਮਦ ਕੈਫ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਪਹਿਲਾ ਅੰਡਰ-19 ਵਰਲਡ ਕੱਪ ਜਿੱਤਿਆ। ਸਾਲ 2008 ਵਿਚ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਚੈਂਪੀਅਨ ਬਣੀ ਹੈ।

ਪ੍ਰਿਥਵੀ ਸ਼ਾ ਕਰਨਗੇ ਕਪਤਾਨੀ
ਇਸ ਟੂਰਨਾਮੈਂਟ ਵਿਚ ਮੁੰਬਈ ਦੇ ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਪ੍ਰਿਥਵੀ ਨੇ ਪਿਛਲੇ ਸਾਲ ਜਨਵਰੀ ਵਿਚ ਫਰਸਟ ਕਲਾਸ ਮੈਚਾਂ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਹੁਣ ਤੱਕ 9 ਫਰਸਟ ਕਲਾਸ ਮੈਚਾਂ ਵਿਚ 56.52 ਦੀ ਔਸਤ ਨਾਲ 961 ਦੌੜਾਂ ਬਣਾਈਆਂ ਹਨ, ਜਿਸ ਵਿਚ ਪੰਜ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਇਨ੍ਹਾਂ ਵਿਚੋਂ ਤਿੰਨ ਸੈਂਕੜੇ ਉਨ੍ਹਾਂ ਨੇ ਵਰਤਮਾਨ ਰਣਜੀ ਸੈਸ਼ਨ ਵਿਚ ਲਗਾਏ।

ਅੰਡਰ-19 ਲਈ ਭਾਰਤੀ ਟੀਮ
ਪ੍ਰਿਥਵੀ ਸ਼ਾ (ਕਪਤਾਨ), ਸ਼ੁਭਮ ਗਿੱਲ (ਉਪ-ਕਪਤਾਨ), ਮਨੋਜ ਕਾਰਲਾ, ਹਿਮਾਂਸ਼ੂ ਰਾਣਾ, ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਆਰੀਆਨ ਜੁਯਾਲ (ਵਿਕਟਕੀਪਰ), ਹਰਵਿਕ ਦੇਸਾਈ (ਵਿਕਟਕੀਪਰ), ਸ਼ਿਵਮ ਮਾਵੀ, ਕਮਲੇਸ਼ ਨਾਗਾਕੋਂਟੀ, ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਅਨੁਕੂਲ ਰਾਏ, ਸ਼ਿਵਾ ਸਿੰਘ ਅਤੇ ਪੰਕਜ ਯਾਦਵ।


Related News