PCB ਚੇਅਰਮੈਨ ਅਹਿਸਾਨ ਮਨੀ ਦਾ ਵੱਡਾ ਦਾਅਵਾ, ਟੀ-20 ਵਰਲਡ ਕੱਪ ਭਾਰਤ ’ਚ ਆਯੋਜਿਤ ਨਹੀਂ ਹੋਵੇਗਾ
Saturday, Jun 05, 2021 - 01:06 PM (IST)
ਸਪੋਰਟਸ ਡੈਸਕ— ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਟੀ-20 ਵਰਲਡ ਕੱਪ ਦਾ ਆਯੋਜਨ ਭਾਰਤ ’ਚ ਹੋਣਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਸੀ. ਸੀ. ਤੋਂ ਟੀ-20 ਵਰਲਡ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਸਮਾਂ ਮੰਗਿਆ ਹੈ। ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੇਅਰਮੈਨ ਅਹਿਸਾਨ ਮਨੀ ਨੇ ਟੀ-20 ਵਰਲਡ ਕੱਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਹਿਸਾਨ ਮਨੀ ਦਾ ਦਾਅਵਾ ਹੈ ਕਿ ਟੀ-20 ਵਰਲਡ ਕੱਪ ਭਾਰਤ ’ਚ ਨਹੀਂ ਸਗੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਹਨੁਮਾ ਵਿਹਾਰੀ ਨੇ ਇੰਗਲੈਂਡ ਦੀਆਂ ਪਿੱਚਾਂ ਨੂੰ ਲੈ ਕੇ ਭਾਰਤੀ ਬੱਲੇਬਾਜ਼ਾਂ ਨੂੰ ਕੀਤਾ ਸਾਵਧਾਨ
ਉਨ੍ਹਾਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਦਸਦੇ ਹੋਏ ਕਿਹਾ ਕਿ ਭਾਰਤ ’ਚ ਕੋਰੋਨਾ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਕੋਰੋਨਾ ਕਾਰਨ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਵੀ ਮੁਲਤਵੀ ਕਰਨਾ ਪਿਆ ਹੈ ਤੇ ਇਸੇ ਤਰ੍ਹਾਂ ਹੁਣ ਟੀ-20 ਵਰਲਡ ਕੱਪ ਦਾ ਯੂ. ਏ. ਈ. ’ਚ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਕ੍ਰਿਕਟ ’ਚ ਬਹੁਤ ਵੱਡਾ ਦਬਾਅ ਬਣਿਆ ਹੋਇਆ ਹੈ ਕਿ ਇਸ ਵੱਡੇ ਈਵੈਂਟ ਨੂੰ ਕਿਸ ਦੇਸ਼ ’ਚ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਕਲੀਨਿਕ ਦੇ ਬਾਹਰ ਸਟਾਈਲਿਸ਼ ਲੁੱਕ ’ਚ ਨਜ਼ਰ ਆਈ ਸਾਰਾ ਤੇਂਦੁਲਕਰ, ਵੇਖੋ ਤਸਵੀਰਾਂ
ਅਹਿਸਾਨ ਮਨੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ’ਚ ਹਾਲਾਤ ਨੂੰ ਦੇਖਦੇ ਹੋਏ ਕ੍ਰਿਕਟ ਮੈਚ ਕਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਦੁਨੀਆ ’ਚ ਜਿੰਨੇ ਵੀ ਕ੍ਰਿਕਟ ਬੋਰਡ ਹਨ ਉਹ ਕੁਝ ਨਾ ਕੁਝ ਕਰ ਰਹੇ ਹਨ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਅਜੇ ਤਕ ਕੁਝ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਲੀਗ (ਪੀ. ਸੀ. ਐੱਲ.) ਦੇ ਆਯੋਜਨ ਨੂੰ ਲੈ ਕੇ ਕਿਹਾ ਕਿ ਅਸੀਂ ਅਜੇ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ। ਸਾਡੀ ਪਹਿਲੀ ਤਰਜੀਹ ਖਿਡਾਰੀਆਂ ਦੀ ਸੁਰੱਖਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।