ਰਾਸ਼ਟਰਮੰਡਲ ਖੇਡਾਂ : ਤੁਲਿਕਾ ਮਾਨ ਮਹਿਲਾਵਾਂ ਦੇ 78 ਕਿਲੋਗ੍ਰਾਮ ਜੂਡੋ ਮੁਕਾਬਲੇ ਦੇ ਫਾਈਨਲ ''ਚ ਪੁੱਜੀ
Wednesday, Aug 03, 2022 - 07:24 PM (IST)
ਬਰਮਿੰਘਮ- ਭਾਰਤੀ ਜੂਡੋ ਖਿਡਾਰੀ ਤੁਲਿਕਾ ਮਾਨ ਨੇ ਬੁੱਧਵਾਰ ਨੂੰ ਇੱਥੇ ਔਰਤਾਂ ਦੇ 78 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਕੇ ਰਾਸ਼ਟਰਮੰਡਲ ਖੇਡਾਂ ਦਾ ਤਮਗ਼ਾ ਪੱਕਾ ਕਰ ਲਿਆ ਹੈ। ਚਾਰ ਵਾਰ ਦੀ ਰਾਸ਼ਟਰੀ ਚੈਂਪੀਅਨ ਤੁਲਿਕਾ (22 ਸਾਲ) ਪਹਿਲੇ ਮੁਕਾਬਲੇ 'ਚ ਪਛੜ ਰਹੀ ਸੀ ਪਰ 'ਇਪੋਨ' (ਵਿਰੋਧੀ ਖਿਡਾਰੀ ਦੀ ਪਿੱਠ 'ਤੇ ਹਮਲਾ ਕਰਨਾ) ਦੀ ਬਦੌਲਤ ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੀ ਸਿਡਨੀ ਐਂਡਰਿਊਜ਼ ਨੂੰ ਤਿੰਨ ਮਿੰਟਾਂ ਦੇ ਅੰਦਰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਤੁਲਿਕਾ ਦਾ ਸਾਹਮਣਾ ਅੱਜ ਰਾਤ ਫਾਈਨਲ ਵਿੱਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਨਾਲ ਹੋਵੇਗਾ।
ਇੱਕ ਹੋਰ ਭਾਰਤੀ ਦੀਪਕ ਦੇਸਵਾਲ ਪੁਰਸ਼ਾਂ ਦੇ 100 ਕਿਲੋਗ੍ਰਾਮ ਮੁਕਾਬਲੇ ਦੇ ਰੇਪਸ਼ਾਜ਼ ਵਿੱਚ ਫਿਜੀ ਦੇ ਟੇਵਿਤਾ ਟਾਕਾਵਾਏ ਤੋਂ ਹਾਰ ਗਿਆ। ਭਾਰਤ ਨੇ ਹੁਣ ਤੱਕ ਜੂਡੋ ਮੁਕਾਬਲੇ ਵਿੱਚ ਦੋ ਤਗਮੇ ਜਿੱਤੇ ਹਨ। ਐੱਲ. ਸੁਸ਼ੀਲਾ ਦੇਵੀ ਅਤੇ ਵਿਜੇ ਕੁਮਾਰ ਨੇ ਸੋਮਵਾਰ ਨੂੰ ਕ੍ਰਮਵਾਰ ਔਰਤਾਂ ਦੇ 48 ਕਿਲੋਗ੍ਰਾਮ ਵਰਗ ਅਤੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੂਡੋ ਫੈਡਰੇਸ਼ਨ ਆਫ ਇੰਡੀਆ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਰਾਸ਼ਟਰਮੰਡਲ ਖੇਡਾਂ ਲਈ ਅਥਲੀਟਾਂ ਦੀ ਚੋਣ ਪ੍ਰਕਿਰਿਆ ਅਤੇ ਟਰਾਇਲਾਂ ਦੀ ਨਿਗਰਾਨੀ ਕਰਨ ਅਤੇ ਸੁਝਾਅ ਦੇਣ ਲਈ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿੱਚ ਓਲੰਪੀਅਨ ਜੂਡੋ ਖਿਡਾਰੀ ਕਾਵਾਸ ਬਿਲੀਮੋਰੀਆ, ਸੰਦੀਪ ਬਿਆਲਾ ਅਤੇ ਸੁਨੀਤ ਠਾਕੁਰ ਤੋਂ ਇਲਾਵਾ ਜੂਡੋ ਮਾਸਟਰਸ ਅਰੁਣ ਦਵੀਵੇਦੀ ਅਤੇ ਯੋਗੇਸ਼ ਕੇ. ਧਾਡਵੇ ਸ਼ਾਮਲ ਹਨ।