ਤਮਗਾ ਜਿੱਤ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨੂੰ ਬੇਤਾਬ ਸੀ: ਅਮਿਤ ਪੰਘਾਲ

02/20/2019 6:56:11 PM

ਨਵੀਂ ਦਿੱਲੀ- ਵੱਕਾਰੀ ਸਟ੍ਰੈਂਡਜਾ ਮੈਮੋਰੀਅਲ ਟੂਰਨਾਮੈਂਟ ਵਿਚ ਜਿੱਤੇ ਗਏ ਸੋਨ ਤਮਗੇ ਨੂੰ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸਮਰਪਿਤ ਕਰਨ ਵਾਲੇ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਕਿਹਾ ਕਿ ਫੌਜ ਨਾਲ ਸੰਬੰਧਤ ਹੋਣ ਕਾਰਨ ਉਸ ਨੂੰ ਇਸ ਘਟਨਾ ਨਾਲ ਜ਼ਿਆਦਾ ਦੁੱਖ ਪੁੱਜਾ ਸੀ। ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪੰਘਾਲ ਨੇ ਬੁਲਗਾਰੀਆ ਦੇ ਸੋਫੀਆ ਵਿਚ ਮੰਗਲਵਾਰ ਦੀ ਰਾਤ ਨੂੰ ਫਾਈਨਲ ਵਿਚ ਕਜ਼ਾਖਸਤਾਨ ਦੇ ਤੇਮਿਰਤਾਸ ਜੁਸੁਪੋਵ ਨੂੰ ਹਰਾ ਕੇ ਯੂਰੋਪ ਦੇ ਇਸ ਸਭ ਤੋਂ ਪੁਰਾਣੇ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਲਗਾਤਾਰ ਦੂਸਰਾ ਸੋਨ ਤਮਗਾ ਜਿੱਤਿਆ। ਉਹ ਇਸ ਟੂਰਨਾਮੈਂਟ ਵਿਚ ਤਮਗਾ ਜਿੱਤ ਵਾਲਾ ਭਾਰਤ ਦਾ ਇਕੋ-ਇਕ ਪੁਰਸ਼ ਮੁੱਕੇਬਾਜ਼ ਹੈ।

ਭਾਰਤੀ ਫੌਜ ਦੇ ਇਸ 23 ਸਾਲਾ ਮੁੱਕੇਬਾਜ਼ ਨੇ ਕਿਹਾ ਕਿ ਟੂਰਨਾਮੈਂਟ ਦੌਰਾਨ ਪੁਲਵਾਮਾ ਹਮਲਾ ਉਸ ਦੇ ਦਿਮਾਗ ਵਿਚ ਘੁੰਮਦਾ ਰਿਹਾ। ਇਸ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਹ ਹਮਲਾ ਪਿਛਲੇ ਦਿਨ ਉਸ ਸਮੇਂ ਹੋਇਆ ਸੀ, ਜਿਸ ਦਿਨ ਭਾਰਤੀ ਮੁੱਕੇਬਾਜ਼ ਟੀਮ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਰਵਾਨਾ ਹੋਈ ਸੀ।
ਪੰਘਾਲ ਨੇ ਕਿਹਾ ਕਿ ਮੈਂ ਖੁਦ ਆਰਮੀ ਤੋਂ ਹਾਂ, ਦਰਦ ਇਸ ਲਈ ਥੋੜਾ ਜ਼ਿਆਦਾ ਸੀ। ਮੈਂ ਤਮਗਾ ਜਿੱਤਣ ਲਈ ਬੇਤਾਬ ਸੀ ਕਿਉਂਕਿ ਮੈਂ ਇਸ ਨੂੰ ਪੁਲਵਾਮਾਮ ਵਿਚ ਆਪਣੀ ਜਾਨ ਗੁਆਉਣ ਵਾਲੇ ਨਾਇਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਸੀ।


Related News