ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਟ੍ਰੇਨਿੰਗ ਲਈ ਟਾਪਸ ਕਰੇਗਾ ਸਹਾਇਤਾ

Tuesday, Mar 21, 2023 - 02:23 PM (IST)

ਨਵੀਂ ਦਿੱਲੀ : ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ 61 ਦਿਨਾਂ ਤਕ ਤੁਰਕੀ ਦੇ ਗਲੋਰੀਆ ਸਪੋਰਟਸ ਏਰੀਨਾ ਵਿਚ ਸਿਖਲਾਈ ਲੈਣਗੇ ਜਿਸ ਦਾ ਖ਼ਰਚ ਟਾਰਗੈਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਰਾਹੀਂ ਹੋਵੇਗਾ। ਖੇਡ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 25 ਸਾਲ ਦੇ ਇਸ ਖਿਡਾਰੀ ਨੇ ਪਿਛਲੇ ਸਾਲ ਵੀ ਇੱਥੇ ਅਭਿਆਸ ਕੀਤਾ ਸੀ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਯੁਵਾ ਮਾਮਲੇ ਤੇ ਖੇਡ ਮੰਤਰਾਲਾ (ਐੱਮਵਾਈਏਐੱਸ) ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ 16 ਮਾਰਚ ਨੂੰ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੀ ਗਲੋਰੀਆ ਸਪੋਰਟਸ ਏਰੀਨਾ, ਤੁਰਕੀ ਵਿਚ 61 ਦਿਨਾਂ ਦੇ ਸਮੇਂ ਲਈ ਟ੍ਰੇਨਿੰਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਹਨ। ਨੀਰਜ ਨੇ ਓਲੰਪਿਕ ਵਿਚ 87.58 ਮੀਟਰ ਦੇ ਥ੍ਰੋਅ ਨਾਲ ਭਾਰਤ ਨੂੰ ਟਰੈਕ ਅਤੇ ਫੀਲਡ ਮੁਕਾਬਲੇ ਵਿਚ ਪਹਿਲਾ ਓਲੰਪਿਕ ਤਮਗਾ ਜੇਤੂ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ’ਚ ਪਾਨੀਪਤ ਕੋਲ ਖਾਂਦਰਾ ਪਿੰਡ ਦੇ ਇਕ ਕਿਸਾਨ ਦਾ ਪੁੱਤਰ, ਨੀਰਜ ਵਜ਼ਨ ਘੱਟ ਕਰਨ ਲਈ ਖੇਡਾਂ ਨਾਲ ਜੁੜੇ ਸਨ। ਇਕ ਦਿਨ ਉਨ੍ਹਾਂ ਦੇ ਚਾਚਾ ਉਨ੍ਹਾਂ ਨੂੰ ਪਿੰਡ ਤੋਂ 15 ਕਿਲੋਮੀਟਰ ਦੂਰ ਪਾਨੀਪਤ ਸਥਿਤ ਸ਼ਿਵਾਜੀ ਸਟੇਡੀਅਮ ਲੈ ਕੇ ਗਏ। ਨੀਰਜ ਨੂੰ ਦੌੜਨ ’ਚ ਕੋਈ ਦਿਲਚਸਪੀ ਨਹੀਂ ਸੀ ਅਤੇ ਜਦੋਂ ਉਨ੍ਹਾਂ ਨੇ ਸਟੇਡੀਅਮ ਵਿਚ ਕੁਝ ਖ਼ਿਡਾਰੀਆਂ ਨੂੰ ਭਾਲਾ ਸੁੱਟਣ ਦਾ ਅਭਿਆਸ ਕਰਦੇ ਵੇਖਿਆ ਤਾਂ ਉਨ੍ਹਾਂ ਨੂੰ ਇਸ ਖੇਡ ਨਾਲ ਪਿਆਰ ਹੋ ਗਿਆ।

ਫਿਰ ਕੀ ਸੀ ਨੀਰਜ ਨੇ ਇਸ ’ਚ ਹੱਥ ਅਜਮਾਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਉਹ ਐਥਲੈਟਿਕਸ ’ਚ ਦੇਸ਼ ਦੇ ਸਭ ਤੋਂ ਵੱਡੇ ਖ਼ਿਡਾਰੀਆਂ ਵਿਚੋਂ ਇਕ ਬਣ ਗਏ ਹਨ। ਉਹ 2016 ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ 86.48 ਮੀਟਰ ਦੇ ਅੰਡਰ-20 ਵਿਸ਼ਵ ਰਿਕਾਰਡ ਨਾਲ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਹ ਇਸੇ ਸਾਲ ਯਾਨੀ ਕਿ 2016 ’ਚ ਭਾਰਤੀ ਫ਼ੌਜ ਵਿਚ ‘ਚਾਰ ਰਾਜਪੂਤਾਨਾ ਰਾਈਫਲਜ਼’ ਵਿਚ ਸੂਬੇਦਾਰ ਦੇ ਅਹੁਦੇ ’ਤੇ ਨਿਯੁਕਤ ਹੋਏ। ਉਨ੍ਹਾਂ ਦੀਆਂ ਹੋਰ ਉਪਲੱਬਧੀਆਂ ਵਿਚ 2018 ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗੇ ਸ਼ਾਮਲ ਹਨ। ਉਨ੍ਹਾਂ ਨੇ 2017 ਏਸ਼ੀਆਈ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ।


Tarsem Singh

Content Editor

Related News