ਚੋਟੀ ਦੇ ਟੈਨਿਸ ਖਿਡਾਰੀਆਂ ਨੇ ਕੀਤੀ ਗ੍ਰੈਂਡ ਸਲੈਮ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਧਾਉਣ ਦੀ ਮੰਗ
Saturday, Apr 05, 2025 - 03:25 PM (IST)

ਵਾਸ਼ਿੰਗਟਨ– ਨੋਵਾਕ ਜੋਕੋਵਿਚ, ਯਾਨਿਕ ਸਿਨਰ, ਆਰੀਅਨਾ ਸਬਾਲੇਂਕਾ ਤੇ ਕੋਕੋ ਗਾਫ ਉਨ੍ਹਾਂ 20 ਪ੍ਰਮੁੱਖ ਟੈਨਿਸ ਖਿਡਾਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਦੀ ਇਨਾਮੀ ਰਾਸ਼ੀ ਵਧਾਉਣ ਤੇ ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਵਿਚ ਉਨ੍ਹਾਂ ਦੀ ਗੱਲ ਨੂੰ ਵੱਧ ਤਵੱਜੋ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਖਿਡਾਰੀਆਂ ਨੇ ਇਸ ਸਬੰਧੀ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਦੇ ਮੁਖੀਆਂ ਨੂੰ ਪੱਤਰ ਲਿਖਿਆ ਹੈ।
ਇਹ ਪੱਤਰ 21 ਮਾਰਚ ਨੂੰ ਲਿਖਿਆ ਗਿਆ ਸੀ, ਜਿਸ ਦੀ ਇਕ ਕਾਪੀ ਐਸੋਸੀਏਟਿਡ ਪ੍ਰੈੱਸ ਕੋਲ ਹੈ। ਆਸਟ੍ਰੇਲੀਅਨ ਓਪਨ ਦੇ ਮੁਖੀ ਕ੍ਰੇਗ ਟਿਲੀ, ਫ੍ਰੈਂਚ ਓਪਨ ਦੇ ਸਟੀਫਨ ਮੋਰੇਲ, ਵਿੰਬਲਡਨ ਦੇ ਸੈਲੀ ਬੋਲਟਨ ਤੇ ਅਮਰੀਕੀ ਓਪਨ ਦੇ ਲਿਊ ਸ਼ੇਰ ਨੂੰ ਸੰਬੋਧਿਤ ਇਸ ਪੱਤਰ ਵਿਚ ਇਸ ਮਹੀਨੇ ਹੋਣ ਵਾਲੇ ਮੈਡ੍ਰਿਡ ਓਪਨ ਦੇ ਦੌਰਾਨ ਖਿਡਾਰੀਆਂ ਦੇ ਪ੍ਰਤੀਨਿਧੀਆਂ ਤੇ ਚਾਰੇ ਗ੍ਰੈਂਡ ਸਲੈਮ ਦੇ ਮੁਖੀਆਂ ਵਿਚਾਲੇ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਪੱਤਰ ਵਿਚ ਪੁਰਸ਼ ਰੈਂਕਿੰਗ ਵਿਚ ਟਾਪ-10 ਸ਼ਾਮਲ ਸਾਰੇ ਖਿਡਾਰੀਆਂ ਦੇ ਦਸਤਖਤ ਹਨ ਜਦਕਿ ਮਹਿਲਾ ਵਰਗ ਵਿਚ ਚੋਟੀ ਦੀਆਂ 11 ਖਿਡਾਰਨਾਂ ਵਿਚੋਂ ਏਲੇਨਾ ਰਯਬਾਕਿਨਾ ਦੇ ਇਸ ’ਤੇ ਦਸਤਖਤ ਨਹੀਂ ਹਨ। ਅਜੇ ਆਸਟ੍ਰੇਲੀਅਨ ਓਪਨ ਤੇ ਫ੍ਰੈਂਚ ਓਪਨ ਦੀ ਕੁੱਲ ਇਨਾਮੀ ਰਾਸ਼ੀ ਲੱਗਭਗ 58 ਮਿਲੀਅਨ ਡਾਲਰ ਜਦਕਿ ਵਿੰਬਲਡਨ ਦੀ ਲੱਗਭਗ 64 ਮਿਲੀਅਨ ਤੇ ਅਮਰੀਕੀ ਓਪਨ ਦੀ ਲੱਗਭਗ 75 ਮਿਲੀਅਨ ਡਾਲਰ ਹੈ।