ਟੋਕੀਓ ਪੈਰਾਲੰਪਿਕਸ 'ਚ ਭਾਰਤੀਆਂ ਦੀ ਝੰਡੀ, ਝਾਝਰੀਆ, ਕਥੂਨੀਆ ਤੇ ਸੁੰਦਰ ਸਿੰਘ ਨੇ ਜਿੱਤੇ ਤਮਗੇ

Monday, Aug 30, 2021 - 01:46 PM (IST)

ਟੋਕੀਓ- ਸਟਾਰ ਪੈਰਾ ਐਥਲੀਟ ਤੇ ਦੋ ਵਾਰ ਦੇ ਸੋਨ ਤਮਗ਼ਾ ਜੇਤੂ ਦਵਿੰਦਰ ਝਾਝਰੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਸੋਮਵਾਰ ਨੂੰ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਡਿਸਕਸ ਥ੍ਰੋਅ ਦੇ ਐਥਲੀਟ ਯੋਗੇਸ਼ ਕਥੂਨੀਆ ਨੇ ਵੀ ਦੂਜਾ ਸਥਾਨ ਹਾਸਲ ਕੀਤਾ ਜਿਸ ਨਾਲ ਭਾਰਤ ਨੇ ਇਨ੍ਹਾਂ ਖੇਡਾਂ 'ਚ ਸਭ ਤੋਂ ਜ਼ਿਆਦਾ ਤਮਗ਼ੇ ਜਿੱਤਣ ਦੇ ਆਪਣੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡਿਆ। ਸੁੰਦਰ ਸਿੰਘ ਗੁਰਜਰ ਨੇ ਵੀ ਕਾਂਸੀ ਤਮਗ਼ਾ ਜਿੱਤਿਆ। ਉਹ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਦੇ ਐੱਫ਼46 ਮੁਕਾਬਲੇ 'ਚ ਦਵਿੰਦਰ ਝਾਝਰੀਆ ਦੇ ਬਾਅਦ ਦੂਜੇ ਸਥਾਨ 'ਤੇ ਰਹੇ। ਐੱਫ46 'ਚ ਐਥਲੀਟਂ ਦੇ ਹੱਥਾਂ 'ਚ ਖ਼ਰਾਬੀ ਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਹੁੰਦੀ ਹੈ। ਇਸ 'ਚ ਖਿਡਾਰੀ ਖੜ੍ਹੇ ਹੋ ਕੇ ਮੁਕਾਬਲੇਬਾਜ਼ੀ 'ਚ ਹਿੱਸਾ ਲੈਂਦੇ ਹਨ। 
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ

PunjabKesari

ਏਥੇਂਸ (2004) ਤੇ ਰੀਓ (2016) 'ਚ ਸੋਨ ਤਮਗ਼ੇ ਜਿੱਤਣ ਵਾਲੇ 40 ਸਾਲਾ ਝਾਝਰੀਆ ਨੇ ਐੱਫ46 ਵਰਗ 'ਚ 64.35 ਮੀਟਰ ਜੈਵਲਿਨ ਥ੍ਰੋਅ ਨਾਲ ਆਪਣਾ ਪਿਛਲਾ ਰਿਕਾਰਡ ਤੋੜਿਆ। ਸ਼੍ਰੀਲੰਕਾ ਦੇ ਦਿਨੇਸ਼ ਪ੍ਰੀਆਨ ਹੇਰਾਥ ਨੇ ਹਾਲਾਂਕਿ 67.79 ਮੀਟਰ ਜੈਵਲਿਨ ਥ੍ਰੋਅ ਕਰਕੇ ਭਾਰਤੀ ਐਥਲੀਟ ਦਾ ਸੋਨ ਤਮਗ਼ੇ ਦੀ ਹੈਟ੍ਰਿਕ ਪੂਰੀ ਕਰਨ ਦੇ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਝਾਝਰੀਆ ਜਦੋਂ ਅੱਠ ਸਾਲ ਦੇ ਸਨ ਤਾਂ ਇਕ ਰੁੱਖ 'ਤੇ ਚੜ੍ਹਦੇ ਸਮੇਂ ਇਕ ਬਿਜਲੀ ਦੀ ਤਾਰ ਛੂਹ ਜਾਣ ਨਾਲ ਆਪਣਾ ਖੱਬਾ ਹੱਥ ਗੁਆ ਬੈਠੇ ਸਨ। 

PunjabKesari

ਗੁਰਜਰ ਨੇ 64.01 ਮੀਟਰ ਜੈਵਲਿਨ ਥ੍ਰੋਅ ਕੀਤਾ ਜੋ ਉਨ੍ਹਾਂ ਦਾ ਇਸ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ 25 ਸਾਲਾ ਐਥਲੀਟ ਨੇ 2015 'ਚ ਇਕ ਹਾਦਸੇ 'ਚ ਆਪਣਾ ਖੱਬਾ ਹੱਥ ਗੁਆ ਦਿੱਤਾ ਸੀ। 

PunjabKesari

ਇਸ ਤੋਂ ਪਹਿਲਾਂ ਕਥੂਨੀਆ ਨੇ ਪੁਰਸ਼ਾਂ ਦੇ ਡਿਸਕਸ ਥ੍ਰੋਅ ਦੇ ਐੱਫ56 ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਅੱਠ ਸਾਲ ਦੀ ਉਮਰ 'ਚ ਲਕਵੇ ਦਾ ਸ਼ਿਕਾਰ ਹੋਣ ਵਾਲੇ ਤੇ ਦਿੱਲੀ ਦੇ ਕਿਰੋੜੀਮਨ ਕਾਲਜ ਤੋਂ ਬੀ. ਕਾਮ. ਕਰਨ ਵਾਲੇ 24 ਸਾਲਾ ਕਥੂਨੀਆ ਨੇ ਆਪਣੀ ਛੇਵੀਂ ਤੇ ਆਖ਼ਰੀ ਕੋਸ਼ਿਸ਼ 'ਚ 44.38 ਮੀਟਰ ਡਿਸਕਸ ਥ੍ਰੋਅ ਕਰਕੇ ਚਾਂਦੀ ਦਾ ਤਮਗ਼ਾ ਜਿੱਤਿਆ। ਜ਼ਿਕਰਯੋਗ ਹੈ ਕਿ ਭਾਰਤ 2016 ਪੈਰਾਲੰਪਿਕਸ ਖੇਡਾਂ 'ਚ ਚਾਰ ਤਮਗ਼ੇ ਜਿੱਤੇ ਪਰ ਟੋਕੀਓ ਪੈਰਾਲੰਪਿਕਸ 'ਚ ਭਾਰ ਅਜੇ ਤਕ 7 ਤਮਗ਼ੇ ਜਿੱਤ ਚੁੱਕਾ ਹੈ। ਸੋਮਵਾਰ ਨੂੰ ਅਵਨੀ ਲੇਖਰਾ ਨੇ ਨਿਸ਼ਾਨੇਬਾਜ਼ੀ 'ਚ ਸੋਨ ਤਮਗ਼ਾ ਜਿੱਤਿਆ ਹੈ।

ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ : ਨਿਸ਼ਾਦ ਕੁਮਾਰ ਨੇ 'ਏਸ਼ੀਅਨ ਰਿਕਾਰਡ' ਦੇ ਨਾਲ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਮਗ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News