ਟੋਕੀਓ ਪੈਰਾਲੰਪਿਕ ਲਈ 54 ਮੈਂਬਰੀ ਭਾਰਤੀ ਟੀਮ ਜਾਪਾਨ ਲਈ ਰਵਾਨਾ
Friday, Aug 13, 2021 - 10:45 AM (IST)
ਨਵੀਂ ਦਿੱਲੀ— ਟੋਕੀਓ ਓਲੰਪਿਕ ਤੋਂ ਬਾਅਦ ਹੁਣ ਟੋਕੀਓ ਪੈਰਾਲੰਪਿਕ ਖੇਡਾਂ ਲਈ 54 ਪੈਰਾ ਅਥਲੀਟਾਂ ਦੀ ਭਾਰਤੀ ਟੀਮ ਨੂੰ ਵੀਰਵਾਰ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜਾਪਾਨ ਲਈ ਰਵਾਨਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਪੈਰਾ ਅਥਲੀਟ ਵੀ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਵਾਪਸੀ ਕਰਨਗੇ। ਭਾਰਤ 24 ਅਗਸਤ ਤੋਂ ਪੰਜ ਸਤੰਬਰ ਤਕ ਚੱਲਣ ਵਾਲੀਆਂ ਪੈਰਾ ਓਲੰਪਿਕ ਖੇਡਾਂ ਦੇ ਨੌਂ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਟੀਮ 'ਚ ਦੇਵੇਂਦਰ ਝਾਝਰੀਆ (ਐੱਫ-46 ਨੇਜ਼ਾ ਸੁੱਟ), ਮਰੀਅੱਪਨ ਥੰਗਾਵੇਲੂ (ਟੀ-63 ਉੱਚੀ ਛਾਲ) ਤੇ ਵਿਸ਼ਵ ਚੈਂਪੀਅਨ ਸੰਦੀਪ ਚੌਧਰੀ (ਐੱਫ-64 ਨੇਜ਼ਾ ਸੁੱਟ) ਵਰਗੇ ਖਿਡਾਰੀ ਮੌਜੂਦ ਹਨ ਜੋ ਮੈਡਲ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਇਸ ਨਾਲ ਦੇਸ਼ ਨੂੰ ਇਸ ਵਾਰ ਪੈਰਾਲੰਪਿਕ ਖੇਡਾਂ ਵਿਚ ਆਪਣੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ ਹੈ।
ਝਾਝਰੀਆ ਆਪਣੇ ਤੀਜੇ ਪੈਰਾਲੰਪਿਕ ਗੋਲਡ ਮੈਡਲ ਦੀ ਕੋਸ਼ਿਸ਼ ਵਿਚ ਰੁੱਝੇ ਹਨ। ਉਹ 2004 ਤੇ 2016 ਵਿਚ ਸੋਨੇ ਦਾ ਤਗਮਾ ਜਿੱਤ ਚੁੱਕੇ ਹਨ। ਮਰੀਅੱਪਨ ਨੇ ਰੀਓ ਦੇ ਪਿਛਲੇ ਗੇੜ ਵਿਚ ਗੋਲਡ ਮੈਡਲ ਜਿੱਤਿਆ ਸੀ, ਉਹ 24 ਅਗਸਤ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤੀ ਟੀਮ ਦੇ ਝੰਡਾ ਬਰਦਾਰ ਹੋਣਗੇ। ਪਿਛਲੀਆਂ 2016 ਰੀਓ ਪੈਰਾਲੰਪਿਕ ਖੇਡਾਂ ਵਿਚ 19 ਭਾਰਤੀ ਪੈਰਾ ਐਥਲੀਟਾਂ ਨੇ ਪੰਜ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ ਜਿਸ ਵਿਚ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਸਮੇਤ ਚਾਰ ਮੈਡਲ ਲੈ ਕੇ ਮੁੜੇ ਸਨ। ਬੈਡਮਿੰਟਨ ਦੀ ਖੇਡ ਪੈਰਾਲੰਪਿਕ ਖੇਡਾਂ ਵਿਚ ਸ਼ੁਰੂਆਤ ਕਰੇਗੀ। ਜਿਸ ਵਿਚ ਸੱਤ ਭਾਰਤੀ ਸ਼ਟਲਰ ਹਿੱਸਾ ਲੈਣਗੇ। ਭਾਰਤੀ ਪ੍ਰਸ਼ੰਸਕ ਯੂਰੋ ਸਪੋਰਟਸ ਤੇ ਡੀਡੀ ਸਪੋਰਟਸ 'ਤੇ ਦੇਸ਼ ਦੇ ਪੈਰਾ ਖਿਡਾਰੀਆਂ ਦੇ ਮੈਚ ਦੇਖ ਸਕਦੇ ਹਨ। ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਨੇ ਪੈਰਾਲੰਪਿਕ ਦੇ ਲਾਈਵ ਪ੍ਰਸਾਰਣ ਅਧਿਕਾਰ ਯੂਰੋ ਸਪੋਰਟ ਇੰਡੀਆ ਨੂੰ ਦਿੱਤੇ ਹਨ। ਭਾਰਤੀ ਟੀਮ ਆਪਣੀ ਮੁਹਿੰਮ 27 ਅਗਸਤ ਤੋਂ ਮਰਦ ਤੇ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਨਾਲ ਸ਼ੁਰੂੁ ਕਰੇਗੀ।