ਟੋਕੀਓ ਓਲੰਪਿਕਸ ’ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਦੇ 3 ਖਿਡਾਰੀ ਜਲੰਧਰ ਜ਼ਿਲ੍ਹੇ ਦੇ ਮਿੱਠਾਪੁਰ ਪਿੰਡ ਦੀ ਦੇਣ

Monday, Jul 26, 2021 - 01:33 PM (IST)

ਟੋਕੀਓ ਓਲੰਪਿਕਸ ’ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਦੇ 3 ਖਿਡਾਰੀ ਜਲੰਧਰ ਜ਼ਿਲ੍ਹੇ ਦੇ ਮਿੱਠਾਪੁਰ ਪਿੰਡ ਦੀ ਦੇਣ

ਸਪੋਰਟਸ ਡੈਸਕ– ਟੋਕੀਓ ਓਲੰਪਿਕਸ ’ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਦੇ 19 ਖਿਡਾਰੀਆਂ ’ਚੋਂ 11 ਖਿਡਾਰੀ ਪੰਜਾਬ ਦੇ ਹਨ। ਇਨ੍ਹਾਂ 11 ਖਿਡਾਰੀਆਂ ’ਚੋਂ 4 ਜਲੰਧਰ ਜ਼ਿਲ੍ਹੇ ਦੇ ਹਨ ਤੇ ਇਨ੍ਹਾਂ ’ਚੋਂ ਵੀ ਤਿੰਨ ਇਕੱਲੇ ਮਿੱਠਾਪੁਰ ਪਿੰਡ ਦੇ ਹਨ। ਓਲੰਪਿਕ ’ਚ ਜਦੋਂ ਮਨਪ੍ਰੀਤ ਸਿੰਘ (29) ਨੇ ਉਦਘਾਟਨੀ ਸਮਾਗਮ ਦੌਰਾਨ ਮਸ਼ਹੂਰ ਭਾਰਤੀ ਮੁੱਕੇਬਾਜ਼ ਮੈਰੀਕਾਮ ਨਾਲ ਭਾਰਤੀ ਓਲੰਪਿਕ ਟੁਕੜੀ ਦੀ ਅਗਵਾਈ ਕੀਤੀ ਤਾਂ ਇਹ ਪਲ ਰਿਕਾਰਡ ਤੋੜ ਪਲ ਸੀ।
ਇਹ ਵੀ ਪੜ੍ਹੋ : ਪਹਿਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਵਾਨੀ ਦੇਵੀ ਦੂਜਾ ਮੁਕਾਬਲਾ ਹਾਰੀ, ਟੋਕੀਓ ਓਲੰਪਿਕ ਤੋਂ ਬਾਹਰ

ਭਾਰਤੀ ਟੀਮ ਦੇ ਬਲੇਜ਼ਰ ’ਚ ਮਨਪ੍ਰੀਤ ਭਾਰਤ ਦਾ ਝੰਡਾਬਰਦਾਰ ਬਣਿਆ ਤੇ ਉਹ ਅਜਿਹਾ ਕਰਨ ਵਾਲਾ ਮਿੱਠਾਪੁਰ ਦਾ ਦੂਜਾ ਕਪਤਾਨ ਤੇ ਝੰਡਾਬਰਦਾਰ ਬਣਿਆ। ਪਿੰਡ ’ਚ ਖੁਸ਼ੀ ਦਾ ਮਾਹੌਲ ਹੈ। ਮਿੱਠਾਪੁਰ ਪਿੰਡ ਨੂੰ ਭਾਰਤੀ ਹਾਕੀ ਨੂੰ ਸਭ ਤੋਂ ਜ਼ਿਆਦਾ ਹਾਕੀ ਖਿਡਾਰੀ ਦੇਣ ਦਾ ਮਾਣ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਕੋਰੋਨਾ ਦੇ 16 ਨਵੇਂ ਮਾਮਲੇ ਆਏ ਸਾਹਮਣੇ, 3 ਖਿਡਾਰੀ ਵੀ ਸ਼ਾਮਲ

ਮਨਪ੍ਰੀਤ ਦੇ ਨਾਲ ਮਨਦੀਪ ਸਿੰਘ ਤੇ ਵਰੁਣ ਕੁਮਾਰ ਵੀ ਪਿੰਡ ਦੇ ਰਹਿਣ ਵਾਲੇ ਹਨ। ਹਾਕੀ ਟੀਮ ਦਾ ਇਕ ਹੋਰ ਮੈਂਬਰ, ਹਾਰਦਿਕ ਸਿੰਘ ਨੇੜਲੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਹੈ। ਮਿੱਠਾਪੁਰ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਹਥਿਆਰਬੰਦ ਫੌਜਾਂ ’ਚ ਵੀ ਸੇਵਾ ਦੇ ਰਿਹਾ ਹੈ। ਇਹ ਪਿੰਡ ਭਾਰਤੀ ਹਾਕੀ ਨੂੰ ਕਈ ਨਾਮਵਰ ਖਿਡਾਰੀ ਦੇਣ ਲਈ ਮਸ਼ਹੂਰ ਹੈ। ਪਿੰਡ ਦੇ ਸਵਰੂਪ ਸਿੰਘ 1952 ਹੇਲਸਿੰਕੀ ਓਲੰਪਿਕ ਦੀ ਸੋਨ ਤਮਗ਼ਾ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਸਨ। ਕੁਲਵੰਤ ਸਿੰਘ 1972 ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਸਨ ਤੇ ਪ੍ਰਗਟ ਸਿੰਘ 1988, 1992 ਤੇ 1996 ਦੇ ਓਲੰਪਿਕ ’ਚ ਹਾਕੀ ਟੀਮ ਦਾ ਹਿੱਸਾ ਸਨ। ਪਿੰਡ ’ਚ ਹਾਕੀ ਅਕੈਡਮੀ ’ਚ ਟ੍ਰੇਨਿੰਗ ਲੈਣ ਵਾਲੇ 70 ਵਿਦਿਆਰਥੀ ਇਨ੍ਹਾਂ ਮਸ਼ਹੂਰ ਓਲੰਪੀਅਨ ਤੋਂ ਪ੍ਰੇਰਣਾ ਲੈ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News