ਓਲੰਪਿਕ ’ਚ ਨਵੇਂ ਨਾਂ ਦੇ ਨਾਲ ਉਤਰੇਗਾ ਰੂਸ, ਇਹ ਹੈ ਵਜ੍ਹਾ

Monday, Jul 19, 2021 - 02:26 PM (IST)

ਓਲੰਪਿਕ ’ਚ ਨਵੇਂ ਨਾਂ ਦੇ ਨਾਲ ਉਤਰੇਗਾ ਰੂਸ, ਇਹ ਹੈ ਵਜ੍ਹਾ

ਟੋਕੀਓ— ਖੇਡਾਂ ’ਚ ਸਭ ਤੋਂ ਲੰਬੇ ਡੋਪਿੰਗ ਵਿਵਾਦ ਦੇ ਬਾਅਦ ਰੂਸ ਟੋਕੀਓ ਓਲੰਪਿਕ ’ਚ ਇਕ ਹੋਰ ਨਵੇਂ ਨਾਂ ਦੇ ਨਾਲ ਮੁਕਾਬਲੇਬਾਜ਼ੀ ਪੇਸ਼ ਕਰੇਗਾ। ਤਮਗ਼ਾ ਵੰਡ ਸਮਾਗਮ ਦੇ ਦੌਰਾਨ ਕਿਸੇ ਪੋਡੀਅਮ ਦੇ ਉੱਪਰ ਰੂਸ ਦਾ ਝੰਡਾ ਨਜ਼ਰ ਨਹੀਂ ਆਵੇਗਾ। ਪਰ ਖਿਡਾਰੀਆਂ ਦੀਆਂ ਪੋਸ਼ਾਕਾਂ ’ਤੇ ਰਾਸ਼ਟਰੀ ਰੰਗਾਂ ਦਾ ਇਸਤੇਮਾਲ ਹੋ ਸਕਦਾ ਹੈ। ਪੁਰਾਣੇ ਤੇ ਨਵੇਂ ਡੋਪਿੰਗ ਮਾਮਲਿਆਂ ਦਾ ਅਜੇ ਵੀ ਟੀਮ ’ਤੇ ਸਾਇਆ ਹੈ। ਪਿਛਲੇ ਸਾਲਾਂ ਦੇ ਮਾਮਲਿਆਂ ਕਾਰਨ ਟੋਕੀਓ ਖੇਡਾਂ ਦੀ ਟੀਮ ’ਚ ਸ਼ਾਮਲ ਦੋ ਤੈਰਾਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਦੋ ਰੋਇੰਗ ਖਿਡਾਰੀ ਪਿਛਲੇ ਮਹੀਨੇ ਪਾਜ਼ੇਟਿਵ ਪਾਏ ਗਏ ਹਨ। ਇਸ ਵਾਰ ਟੀਮ ਰੂਸ ਤੇ ‘ਓਲੰਪਿਕ ਐਥਲੀਟ ਆਫ਼ ਰੂਸ’ ਦੇ ਨਾਂ ਨਾਲ ਨਹੀਂ ਉਤਰੇਗੀ। ਟੀਮ ਇਸ ਵਾਰ ਰੂਸ ਓਲੰਪਿਕ ਕਮੇਟੀ (ਆਰ. ਓ. ਸੀ.) ਦੇ ਨਾਂ ਨਾਲ ਉਤਰੇਗੀ।

ਖਿਡਾਰੀ ਅਧਿਕਾਰਤ ਤੌਰ ’ਤੇ ਆਪਣੇ ਦੇਸ਼ ਨਹੀਂ ਸਗੋਂ ਆਰ. ਓ. ਸੀ. ਦੀ ਨੁਮਾਇੰਦਗੀ ਕਰਨਗੇ ਤੇ ਰੂਸ ਦੇ ਨਾਂ, ਝੰਡੇ ਤੇ ਰਾਸ਼ਟਰਗੀਤ ’ਤੇ ਪਾਬੰਦੀ ਹੋਵੇਗੀ। ਆਲੋਚਕਾਂ ਦਾ ਹਾਲਾਂਕਿ ਕਹਿਣਾ ਹੈ ਕਿ ਰੂਸ ਦੀਆਂ ਟੀਮਾਂ ਹੁਣ ਰਾਸ਼ਟਰੀ ਰੰਗਾਂ ਦੀ ਪੋਸ਼ਕ ਦੇ ਨਾਲ ਉਤਰਨਗੀਆਂ ਤੇ ਫ਼ਰਕ ਪਛਾਨਣਾ ਬਹੁਤ ਮੁਸ਼ਕਲ ਹੋਵੇਗਾ। ਰੂਸ ਦੇ ਖਿਡਾਰੀਆਂ ਦੀਆਂ ਪੋਸ਼ਾਕਾਂ ’ਤੇ ਲਾਲ, ਸਫ਼ੈਦ ਤੇ ਨੀਲੇ ਰੰਗ ਦਾ ਇਸਤੇਮਾਲ ਹੋਵੇਗਾ ਪਰ ਰਾਸ਼ਟਰੀ ਝੰਡੇ ਤੇ ਰੂਸ ਦਾ ਨਾਂ ਨਹੀਂ ਲਿਖਿਆ ਹੋਵੇਗਾ।

ਇਸ ਤੋਂ ਇਲਾਵਾ ਕੋਈ ਹੋਰ ਰਾਸ਼ਟਰੀ ਪ੍ਰਤੀਕ ਨਹੀਂ ਹੋਵੇਗਾ। ਕਲਾਤਮਕ ਤੈਰਾਕੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਪੋਸ਼ਾਕ ਪਹਿਨਣ ਤੋਂ ਰੋਕਿਆ ਗਿਆ ਜਿਸ ’ਤੇ ਰਿੱਛ ਦੀ ਤਸਵੀਰ ਬਣੀ ਸੀ। ਅਧਿਕਾਰਤ ਓਲੰਪਿਕ ਕਾਗ਼ਜ਼ਾਤ ਤੇ ਟੀਵੀ ਗ੍ਰਾਫ਼ਿਕਸ ’ਤੇ ਵੀ ਰੂਸ ਦੀਆਂ ਟੀਮਾਂ ਦੇ ਨਤੀਜਿਆਂ ਨੂੰ ‘ਆਰ. ਓ. ਸੀ.’ ਦੇ ਤੌਰ ’ਤੇ ਦਿਖਾਇਆ ਜਾਵੇਗਾ। ਪਰ ਰੂਸ ਓਲੰਪਿਕ ਕਮੇਟੀ ਦੇ ਪੂਰੇ ਨਾਂ ਦਾ ਜ਼ਿਕਰ ਨਹੀਂ ਹੋਵੇਗਾ। ਸੋਨ ਤਮਗ਼ਾ ਜੇਤੂਆਂ ਦੇ ਲਈ ਰਾਸ਼ਟਰਗੀਤ ਦੀ ਜਗ੍ਹਾ ਰੂਸ ਦੇ ਸੰਗੀਤਕਾਰ ਚੇਕੋਵਸਕੀ ਦਾ ਸੰਗੀਤ ਵਜਾਇਆ ਜਾਵੇਗਾ।


author

Tarsem Singh

Content Editor

Related News