ਟੋਕੀਓ ਓਲੰਪਿਕ ਦੀਆਂ ਪ੍ਰਤੀਯੋਗਿਤਾਵਾਂ ਸ਼ੁਰੂ, ਜਾਪਾਨ ਨੇ ਸਾਫ਼ਟਬਾਲ ’ਚ ਆਸਟਰੇਲੀਆ ਨੂੰ ਹਰਾਇਆ
Wednesday, Jul 21, 2021 - 03:15 PM (IST)
ਫੁਕੁਸ਼ਿਮਾ (ਜਾਪਾਨ)— ਇਕ ਸਾਲ ਦੀ ਦੇਰੀ ਦੇ ਬਾਅਦ ਟੋਕੀਓ ਓਲੰਪਿਕ ’ਚ ਜਦੋਂ ਪ੍ਰਤੀਯੋਗਿਤਾਵਾਂ ਸ਼ੁਰੂ ਹੋਈਆਂ ਤਾਂ ਮੇਜ਼ਬਾਨ ਜਾਪਾਨ ਨੇ ਜੇਤੂ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਸਾਫ਼ਟਬਾਲ ’ਚ ਆਸਟਰੇਲੀਆ ਨੂੰ ਇਕਪਾਸੜ ਮੁਕਾਬਲੇ ’ਚ 8-1 ਨਾਲ ਹਰਾਇਆ।
ਮੁਕਾਬਲੇ ਦਾ ਆਯੋਜਨ ਲਗਭਗ ਪੂਰੀ ਤਰ੍ਹਾਂ ਨਾਲ ਖ਼ਾਲੀ ਸਟੇਡੀਅਮ ’ਚ ਕੀਤਾ ਗਿਆ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਸ਼ੰਸਕਾਂ ਦੇ ਸਟੇਡੀਅਮ ’ਚ ਦਾਖ਼ਲੇ ’ਤੇ ਪਾਬੰਦੀ ਹੈ। ਮਹਾਮਾਰੀ ਕਾਰਨ ਪਿਛਲੇ ਸਾਲ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜਾਪਾਨ ਤੇ ਆਸਟਰੇਲੀਆ ਵਿਚਾਲੇ ਇਹ ਮੁਕਾਬਲਾ 30,000 ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ ’ਚ ਖੇਡਿਆ ਗਿਆ ਪਰ ਇਸ ਦੌਰਾਨ ਲਗਭਗ 50 ਦਰਸ਼ਕ ਮੌਜੂਦ ਸਨ ਜਿਸ ’ਚ ਟੀਮ ਤੇ ਓਲੰਪਿਕ ਅਧਿਕਾਰੀ ਤੇ ਮੀਡੀਆ ਕਰਮਚਾਰੀ ਸ਼ਾਮਲ ਸਨ।
ਜਾਪਾਨ ਦੀ ਟੀਮ 2008 ਬੀਜਿੰਗ ਖੇਡਾਂ ’ਚ ਸਾਫ਼ਟਬਾਲ ’ਚ ਅਮਰੀਕਾ ਨੂੰ ਹਰਾਉਣ ਦੇ ਬਾਅਦ ਸੋਨ ਤਮਗ਼ੇ ਦਾ ਬਚਾਅ ਕਰ ਰਹੀ ਹੈ। ਸਾਫ਼ਟਬਾਲ ਤੇ ਬੇਸਬਾਲ ਨੂੰ 2012 ਤੇ 2016 ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪਰ ਟੋਕੀਓ ਖੇਡਾਂ ’ਚ ਇਨ੍ਹਾਂ ਦੋਵੇਂ ਪ੍ਰਤੀਯੋਗਿਤਾਵਾਂ ਦੀ ਵਾਪਸੀ ਹੋਈ ਹੈ। ਇਨ੍ਹਾਂ ਨੂੰ ਪੈਰਿਸ 2024 ਖੇਡਾਂ ’ਚ ਜਗ੍ਹਾ ਨਹੀਂ ਮਿਲੇਗੀ ਪਰ 2028 ਲਾਸ ਏਂਜਲਸ ਖੇਡਾਂ ’ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ।