ਮਨਪ੍ਰੀਤ ਸਿੰਘ ਸਣੇ ਤਿੰਨ ਖਿਡਾਰੀ ਪ੍ਰੋ. ਲੀਗ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਤੋਂ ਬਾਹਰ

Sunday, Feb 01, 2026 - 10:37 AM (IST)

ਮਨਪ੍ਰੀਤ ਸਿੰਘ ਸਣੇ ਤਿੰਨ ਖਿਡਾਰੀ ਪ੍ਰੋ. ਲੀਗ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਤੋਂ ਬਾਹਰ

ਸਪੋਰਟਸ ਡੈਸਕ- ਹਾਕੀ ਇੰਡੀਆ ਦੇ ਆਉਣ ਵਾਲੇ ਐਫਆਈਐਚ ਪ੍ਰੋ ਲੀਗ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚੋਂ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਸਮੇਤ ਤਿੰਨ ਖਿਡਾਰੀਆਂ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਸੰਬਰ ਵਿੱਚ ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਗੰਭੀਰ ਅਨੁਸ਼ਾਸਨੀ ਮਾਮਲੇ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਸੂਤਰਾਂ ਨੇ ਕਿਹਾ ਕਿ ਤਿੰਨ ਟੈਸਟ ਮੈਚਾਂ ਦੇ ਦੌਰੇ ਦੌਰਾਨ ਕਥਿਤ ਅਨੁਸ਼ਾਸਨਹੀਣਤਾ ਦੇ ਮੱਦੇਨਜ਼ਰ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਆਉਣ ਵਾਲੇ ਐਫਆਈਐਚ ਪ੍ਰੋ ਲੀਗ ਸੀਜ਼ਨ ਤੋਂ ਪਹਿਲਾਂ 1 ਤੋਂ 7 ਫਰਵਰੀ ਤੱਕ ਹੋਣ ਵਾਲੇ ਕੌਮੀ ਤਿਆਰੀ ਕੈਂਪ ਲਈ 33 ਮੈਂਬਰੀ ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ।

ਇਸ ਦੌਰਾਨ ਭਾਰਤ ਨੇ 2 ਤੋਂ 16 ਦਸੰਬਰ ਵਿਚਕਾਰ ਟੈਸਟ ਲੜੀ ਵਿਚ ਦੋ ਮੈਚ ਹਾਰੇ ਜਦੋਂ ਕਿ ਤੀਜਾ ਮੈਚ ਡਰਾਅ ਰਿਹਾ।

ਦੱਖਣੀ ਅਫਰੀਕਾ ਦੌਰੇ ਦੌਰਾਨ ਅਨੁਸ਼ਾਸਨਹੀਣਤਾ ਦਾ ਇੱਕ ਗੰਭੀਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਖਿਡਾਰੀ ਟੀਮ ਮੀਟਿੰਗ ਵਿਚੋਂ ਗੈਰਹਾਜ਼ਰ ਰਿਹਾ। ਬਾਅਦ ਵਿੱਚ ਪਤਾ ਲੱਗਾ ਕਿ ਮਨਪ੍ਰੀਤ, ਦਿਲਪ੍ਰੀਤ ਅਤੇ ਪਾਠਕ ਨੇ ਕਥਿਤ ਤੌਰ ’ਤੇ ਉਸਨੂੰ ਪਾਬੰਦੀਸ਼ੁਦਾ ਪਦਾਰਥ ਖਵਾਇਆ ਸੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

ਹਾਕੀ ਅਧਿਕਾਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟੀਮ ਵਿਚ ਅਨੁਸ਼ਾਸਨ ਸਭ ਤੋਂ ਪਹਿਲਾਂ ਹੈ ਤੇ ਅਨੁਸ਼ਾਸਨ ਭੰਗ ਕਰਨ ਤੇ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।


author

Tarsem Singh

Content Editor

Related News