IPL ’ਚ ਸ਼ੁਰੂ ਤੋਂ ਹੀ ਗੁਣਵੱਤਾ ਸੀ, ਦੱਖਣੀ ਅਫਰੀਕਾ ’ਚ ਆਯੋਜਨ ਤੋਂ ਆਖਰੀ ਮੋਹਰ ਲੱਗੀ : ਸ਼ਾਸਤਰੀ
Wednesday, Apr 19, 2023 - 06:32 PM (IST)
ਨਵੀਂ ਦਿੱਲੀ– ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਵਿਚ ਸ਼ੁਰੂ ਤੋਂ ਹੀ ਗੁਣਵੱਤਾ ਸੀ ਪਰ 2009 ਵਿਚ ਦੱਖਣੀ ਅਫਰੀਕਾ ਵਿਚ ਆਯੋਜਨ ਤੋਂ ਇਹ ਅਗਲੇ ਪੱਧਰ ਤਕ ਪਹੁੰਚਿਆ ਤੇ ਵਿਦੇਸ਼ਾਂ ’ਚ ਵੀ ਇਸ ਪ੍ਰਤੀਯੋਗਿਤਾ ਨੂੰ ਲੈ ਕੇ ਦਿਲਚਸਪੀ ਪੈਦਾ ਹੋਈ। ਭਾਰਤ ਵਿਚ ਆਮ ਚੋਣਾਂ ਕਾਰਨ ਦੂਜਾ ਆਈ. ਪੀ. ਐੱਲ. ਦੱਖਣੀ ਅਫਰੀਕਾ ਵਿਚ ਆਯੋਜਿਤ ਕੀਤਾ ਗਿਆ ਸੀ।
ਆਈ. ਪੀ.ਐੱਲ. ਦੀ ਸ਼ੁਰੂਆਤ 15 ਸਾਲ ਪਹਿਲਾਂ ਹੋਈ ਸੀ ਤੇ ਸ਼ਾਸਤਰੀ ਤਦ ਇਸ ਲੀਗ ਦੀ ਸੰਚਾਲਿਤ ਪ੍ਰੀਸ਼ਦ ਦਾ ਹਿੱਸਾ ਸੀ। ਉਸ ਨੇ ਆਈ. ਪੀ. ਐੱਲ. ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ,‘‘ਜੇਕਰ ਤੁਸੀਂ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ’ਤੇ ਗੌਰ ਕਰੋ ਤਾਂ ਕ੍ਰਿਕਟ ਦੀ ਗੁਣਵੱਤਾ ਇੰਨੀ ਚੰਗੀ ਸੀ ਕਿ ਇਹ ਲੀਗ ਚੱਲ ਪਈ ਪਰ ਇਸ ’ਤੇ ਆਖਰੀ ਮੋਹਰ ਤਦ ਲੱਗੀ ਜਦੋਂ ਇਸਦਾ ਆਯੋਜਨ ਦੱਖਣੀ ਅਫਰੀਕਾ ’ਚ ਕੀਤਾ ਗਿਆ।
ਦੱਖਣੀ ਅਫਰੀਕਾ ਵਿਚ ਆਈ. ਪੀ. ਐੱਲ. ਨੂੰ ਲੈ ਕੇ ਉਸੇ ਤਰ੍ਹਾਂ ਦੀ ਹੀ ਦਿਲਚਸਪੀ ਸੀ ਜਿਵੇਂ ਭਾਰਤ ’ਚ ਸੀ, ਜਿਸ ਤੋਂ ਕ੍ਰਿਕਟ ਜਗਤ ਹੈਰਾਨ ਸੀ।’’ਸ਼ਾਸਤਰੀ ਨੇ ਕਿਹਾ, ‘‘ਉਸ ਸਮੇਂ ਤਕ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਆਪਣੀ ਪਸੰਦੀਦਾ ਟੀਮ ਚੁਣਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਤਦ ਜਿਸ ਤਰ੍ਹਾਂ ਨਾਲ ਫੁੱਟਬਾਲ ਵਿਚ ਦੇਖਦੇ ਸੀ, ਉਸੇ ਤਰ੍ਹਾਂ ਆਈ. ਪੀ.ਐੱਲ. ਵਿਚ ਦੂਜੇ ਸੈਸ਼ਨ ’ਚ ਹੋਣ ਲੱਗ ਪਿਆ ਸੀ।’’