ਭਾਰਤ ਦੀ ਤਰ੍ਹਾਂ ਟੀਮ ’ਚ ਡੂੰਘਾਈ ਹੋਣਾ ਜ਼ਰੂਰੀ : ਟਿਮ ਪੇਨ
Wednesday, Jun 16, 2021 - 02:29 PM (IST)
ਮੈਲਬੋਰਨ(ਭਾਸ਼ਾ) – ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਕਿਹਾ ਕਿ ਆਸਟਰੇਲੀਆ ਨੂੰ ਟੀਮ ਵਿਚ ਭਾਰਤ ਦੀ ਤਰ੍ਹਾਂ ਡੂੰਘਾਈ ਬਣਾਉਣੀ ਪਵੇਗੀ ਤਾਂ ਕਿ ਉਸਦੇ ਚੋਟੀ ਦੇ ਖਿਡਾਰੀਆਂ ਨੂੰ ਆਰਾਮ ਦੇ ਕੇ ਤਰੋਤਾਜ਼ਾ ਰੱਖਿਆ ਜਾ ਸਕੇ। ਭਾਰਤ ਦੇ ਚੋਟੀ ਦੇ ਕ੍ਰਿਕਟਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਇੰਗਲੈਂਡ ਵਿਚ ਹਨ ਜਿਹੜੇ ਬਾਅਦ ਵਿਚ ਇੰਗਲੈਂਡ ਵਿਰੁੱਧ ਟੈਸਟ ਲੜੀ ਵੀ ਖੇਡਣਗੇ। ਉੱਥੇ ਹੀ ਭਾਰਤ ਨੇ ਸ਼੍ਰੀਲੰਕਾ ਵਿਚ ਸੀਮਤ ਓਵਰਾਂ ਦੀ ਲੜੀ ਲਈ ਇਕ ਵੱਖਰੀ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਆਸਟਰੇਲੀਆ ਦੇ ਚੋਟੀ ਦੇ ਕ੍ਰਿਕਟਰ ਵੈਸਟਇੰਡੀਜ਼ ਦੇ ਆਗਾਮੀ ਦੌਰੇ ਵਿਚੋਂ ਬਾਹਰ ਰਹਿ ਸਕਦੇ ਹਨ।
ਪੇਨ ਦਾ ਮੰਨਣਾ ਹੈ ਕਿ ਆਸਟਰੇਲੀਆ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ ਜਿਹੜੇ ਕੌਮਾਂਤਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਕੇ ਸੀਨੀਅਰ ਖਿਡਾਰੀਆਂ ਦਾ ਕਾਰਜਭਾਰ ਘੱਟ ਕਰ ਸਕਣ। ਉਸ ਨੇ ਕਿਹਾ,‘‘ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਟੀਮ ਵਿਚ ਅਜਿਹੀ ਡੂੰਘਾਈ ਪੈਦਾ ਕਰੀਏ ਤਾਂ ਕਿ ਖਿਡਾਰੀਆਂ ਨੂੰ ਸਮੇਂ-ਸਮੇਂ ’ਤੇ ਆਰਾਮ ਦਿੱਤਾ ਜਾ ਸਕੇ। ਇਸ ਸਮੇਂ ਭਾਰਤੀ ਟੀਮ ਅਜਿਹਾ ਕਰ ਰਹੀ ਹੈ। ਉਨ੍ਹਾਂ ਕੋਲ ਟੈਸਟ ਕ੍ਰਿਕਟ ਲਈ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ ਤੇ ਸੰਤੁਲਨ ਇਕਦਮ ਸਹੀ ਹੈ। ਸਾਨੂੰ ਵੀ ਉਨ੍ਹਾਂ ਦੀ ਰੀਸ ਕਰਨੀ ਪਵੇਗੀ।’’