ਢਿੱਲ ਵਰਤਣ ਦੀ ਕੋਈ ਜਗ੍ਹਾ ਨਹੀਂ : ਕੋਂਸਟੇਨਟਾਈਨ
Wednesday, Jul 12, 2017 - 12:07 AM (IST)
ਸਿੰਗਾਪੁਰ— ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਅੰਡਰ-23 ਟੀਮ ਦੇ ਸਿੰਗਾਪੁਰ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਕੌਮਾਂਤਰੀ ਦੋਸਤਾਨਾ ਮੈਚ ਤੋਂ ਪਹਿਲਾਂ ਕਿਹਾ ਕਿ ਢਿੱਲ ਵਰਤਣ ਦੀ ਕੋਈ ਜਗ੍ਹਾ ਨਹੀਂ ਹੈ ਤੇ ਟੀਮ ਨੂੰ ਜਿੱਤ ਲਈ ਆਪਣਾ ਸੌ ਫੀਸਦੀ ਦੇਣਾ ਪਵੇਗਾ।
ਕੋਚ ਨੇ ਕਿਹਾ ਕਿ ਕਿਸੇ ਵੀ ਸ਼ਕਲ 'ਚ ਹਾਰ ਬਰਦਾਸ਼ਤ ਨਹੀਂ ਕਰ ਸਕਦੇ।'' ਜ਼ਿਕਰਯੋਗ ਹੈ ਕਿ ਭਾਰਤ ਨੇ 9 ਜੁਲਾਈ ਨੂੰ ਹੋਏ ਪਹਿਲੇ ਕੌਮਾਂਤਰੀ ਦੋਸਤਾਨਾ ਮੈਚ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਤੇ 1-0 ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਚ ਵਿਚ ਜਰਮਨਪ੍ਰੀਤ ਸਿੰਘ ਨੇ ਮੈਚ ਦਾ ਇਕਲੌਤਾ ਗੋਲ 80ਵੇਂ ਮਿੰਟ 'ਚ ਕੀਤਾ ਸੀ।
ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਦੋਹਾ ਵਿਚ ਹੋਣ ਵਾਲੇ ਏ. ਐੱਫ. ਸੀ. ਅੰਡਰ-23 ਕੁਆਲੀਫਾਇਰਸ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਸਿੰਗਾਪੁਰ ਵਿਰੁੱਧ ਦੋ ਕੌਮਾਂਤਰੀ ਦੋਸਤਾਨਾ ਮੈਚਾਂ ਦਾ ਆਯੋਜਨ ਕੀਤਾ ਹੈ। ਇਹ ਟੂਰਨਾਮੈਂਟ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜਿਥੇ ਭਾਰਤ ਨੂੰ ਗਰੁੱਪ-ਸੀ 'ਚ ਮੇਜ਼ਬਾਨ ਕਤਰ, ਸੀਰੀਆ ਤੇ ਤੁਰਕਮੇਨਿਸਤਾਨ ਨਾਲ ਰੱਖਿਆ ਗਿਆ ਹੈ।
