ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਵਿੰਡੀਜ਼ ਨੇ ਟੈਸਟ ਸੀਰੀਜ਼ 'ਚ ਬਣਾਈ 1-0 ਦੀ ਬੜ੍ਹਤ

07/12/2020 10:28:07 PM

ਸਾਊਥੰਪਟਨ— ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ। ਮੱਧਕ੍ਰਮ ਦੇ ਬੱਲੇਬਾਜ਼ ਜਰਮਨ ਬਲੈਕਵੁਡ ਦੀ 95 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਨਾਜ਼ੁਕ ਹਾਲਾਤ ਤੋਂ ਉੱਭਰਦੇ ਹੋਏ ਇੰਗਲੈਂਡ ਨੂੰ ਐਤਵਾਰ 5ਵੇਂ ਤੇ ਆਖਰੀ ਦਿਨ ਦੀ ਰੋਮਾਂਚਕ ਖੇਡ ਵਿਚ 4 ਵਿਕਟਾਂ ਨਾਲ ਹਰਾ ਕੇ ਪਹਿਲਾ ਕ੍ਰਿਕਟ ਟੈਸਟ ਮੈਚ ਜਿੱਤ ਲਿਆ ਤੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਕੋਰੋਨਾ ਕਾਰਣ 117 ਦਿਨ ਦੇ ਲੰਬੇ ਸਮੇਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਇਸ ਮੈਚ ਰਾਹੀਂ ਵਾਪਸੀ ਹੋਈ ਹੈ ਤੇ ਵਿੰਡੀਜ਼ ਨੇ ਸ਼ਾਨਦਾਰ ਅੰਦਾਜ਼ ਵਿਚ ਜਿੱਤ ਆਪਣੇ ਨਾਂ ਕੀਤੀ। ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਆਖਰੀ ਦਿਨ ਦੂਜੀ ਪਾਰੀ ਵਿਚ 313 ਦੌੜਾਂ 'ਤੇ ਢੇਰ ਕਰ ਦਿੱਤਾ। ਵਿੰਡੀਜ਼ ਨੂੰ ਪਹਿਲੀ ਪਾਰੀ ਵਿਚ 114 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਹੋਈ ਸੀ, ਜਿਹੜੀ ਅੰਤ ਤਕ ਫੈਸਲਾਕੁੰਨ ਸਾਬਤ ਹੋਈ। ਵੈਸਟਇੰਡੀਜ਼ ਨੂੰ ਮੈਚ ਜਿੱਤਣ ਲਈ 200 ਦੌੜਾਂ ਦਾ ਟੀਚਾ ਮਿਲਿਆ ਸੀ, ਜਿਹੜਾ ਉਸ ਨੇ 6 ਵਿਕਟਾਂ 'ਤੇ 200 ਦੌੜਾਂ ਬਣਾ ਕੇ ਹਾਸਲ ਕਰ ਲਿਆ।

PunjabKesari
 ਹਾਲਾਂਕਿ ਵਿੰਡੀਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਖਰਾਬ ਸ਼ੁਰੂਆਤ ਕੀਤੀ ਤੇ ਆਪਣੀਆਂ 3 ਵਿਕਟਾਂ ਸਿਰਫ 27 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ 28 ਸਾਲਾ ਬਲੈਕਵੁਡ ਨੇ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰੀ ਪਾਰੀ ਖੇਡਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਬਲੈਕਵੁਡ ਨੇ 154 ਗੇਂਦਾਂ 'ਤੇ 95 ਦੌੜਾਂ ਦੀ ਮੈਚ ਜੇਤੂ ਪਾਰੀ ਵਿਚ ਸ਼ਾਨਦਾਰ 12 ਚੌਕੇ ਲਾਏ। ਬਲੈਕਵੁਡ ਨੇ ਰੋਸਟਨ ਚੇਜ਼ ਦੇ ਨਾਲ ਚੌਥੀ ਵਿਕਟ ਲਈ 73 ਦੌੜਾਂ ਤੇ ਵਿਕਟਕੀਪਰ ਸ਼ੈਨੋਨ ਡਾਓਰਿਚ ਦੇ ਨਾਲ 5ਵੀਂ ਵਿਕਟ ਲਈ 68 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਕਰ ਕੇ ਵਿੰਡੀਜ਼ ਨੂੰ ਜਿੱਤ ਦੇ ਰਸਤੇ 'ਤੇ ਪਾ ਦਿੱਤਾ। ਚੇਜ਼ ਨੇ 88 ਗੇਂਦਾਂ 'ਤੇ 37 ਦੌੜਾਂ ਵਿਚ ਇਕ ਚੌਕਾ ਲਾਇਆ, ਜਦਕਿ ਡਾਓਰਿਚ ਨੇ 37 ਗੇਂਦਾਂ 'ਤੇ 20 ਦੌੜਾਂ ਵਿਚ ਇਕ ਚੌਕਾ ਲਾਇਆ।
ਬਲੈਕਵੁਡ ਨੇ ਕਪਤਾਨ ਜੈਸਨ ਹੋਲਡਰ ਦੇ ਨਾਲ ਟੀਮ ਨੂੰ ਜਿੱਤ ਦੀ ਮੰਜ਼ਿਲ ਦੇ ਨੇੜੇ ਪਹੁੰਚਾ ਦਿੱਤਾ। ਵਿੰਡੀਜ਼ ਜਦੋਂ ਜਿੱਤ ਤੋਂ 11 ਦੌੜਾਂ ਦੂਰ ਸੀ, ਉਦੋਂ ਬੇਨ ਸਟੋਕਸ ਨੇ ਬਲੈਕਵੁਡ ਨੂੰ ਜੇਮਸ ਐਂਡਰਸਨ ਹੱਥੋਂ ਕੈਚ ਕਰਵਾ ਕੇ ਉਸ ਨੂੰ ਦੂਜੇ ਸੈਂਕੜੇ ਤੋਂ ਵਾਂਝਾ ਕਰ ਦਿੱਤਾ। ਬਲੈਕਵੁਡ ਦੀ ਵਿਕਟ 189 ਦੇ ਸਕੋਰ 'ਤੇ ਡਿਗੀ। ਰਿਟਾਇਰਡ ਹਰਟ ਹੋਇਆ ਕੈਂਪਵੈੱਲ ਦੁਬਾਰਾ ਮੈਦਾਨ 'ਤੇ ਖੇਡਣ ਪਰਤਿਆ। ਹੋਲਡਰ ਨੇ ਜਾਨ ਕੈਂਪਵੈੱਲ ਦੇ ਨਾਲ ਟੀਮ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾ ਦਿੱਤਾ। ਹੋਲਡਰ 14 ਦੌੜਾਂ ਤੇ ਕੈਂਪਵੈੱਲ 8 ਦੌੜਾਂ 'ਤੇ ਅਜੇਤੂ ਰਹੇ। ਇਸ ਤੋਂ ਪਹਿਲਾਂ ਸਵੇਰੇ ਇੰਗਲੈਂਡ ਨੇ ਆਪਣੀ ਦੂਜੀ ਪਾਰੀ 8 ਵਿਕਟਾਂ 'ਤੇ 284 ਦੌੜਾਂ ਤੋਂ ਅੱਗੇ ਵਧਾਈ ਤੇ ਆਰਚਰ ਦੀਆਂ 23 ਦੌੜਾਂ ਦੀ ਮਦਦ ਨਾਲ ਸਕੋਰ 313 ਦੌੜਾਂ ਤਕ ਪਹੁੰਚਾਇਆ। ਤੇਜ਼ ਗੇਂਦਬਾਜ਼ ਸ਼ੈਨੋਨ ਗੈਬ੍ਰੀਏਲ ਨੇ ਆਰਚਰ ਤੇ ਵੁਡ (2) ਦੋਵਾਂ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ ਤੇ 75 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਟੈਸਟ ਸੀਰੀਜ਼ ਦਾ ਹੁਣ ਦੂਜਾ ਟੈਸਟ ਮੈਚ 16 ਜੁਲਾਈ ਨੂੰ ਮੈਨਚੇਸਟਰ 'ਚ ਖੇਡਿਆ ਜਾਵੇਗਾ।


Gurdeep Singh

Content Editor

Related News