ਕੰਪਿਊਟਰ ਦੇ ਆਉਣ ਤੋਂ ਬਾਅਦ ਸ਼ਤਰੰਜ ਖੇਡਣ ਦਾ ਤਰੀਕਾ ਬਦਲ ਗਿਐ : ਆਨੰਦ

Saturday, May 23, 2020 - 07:09 PM (IST)

ਕੰਪਿਊਟਰ ਦੇ ਆਉਣ ਤੋਂ ਬਾਅਦ ਸ਼ਤਰੰਜ ਖੇਡਣ ਦਾ ਤਰੀਕਾ ਬਦਲ ਗਿਐ : ਆਨੰਦ

ਮੁੰਬਈ– 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਕੰਪਿਊਟਰ ਦੇ ਆਗਮਨ ਨੇ ਖਿਡਾਰੀਆਂ ਦੇ ਸ਼ਤਰੰਜ ਖੇਡਣ ਦੇ ਤਰੀਕੇ ਨੂੰ ਬਦਲ ਦਿੱਤਾ ਪਰ ਇਸ ਨਾਲ ਦੋਵੇਂ ਵਿਰੋਧੀਆਂ ਦੇ ਬੈਠਣ ਦਾ ਸਥਾਨ ਨਹੀਂ ਬਦਲਿਆ।ਸਾਬਕਾ ਵਿਸ਼ਵ ਚੈਂਪੀਅਨ ਨੇ ਆਪਣੇ ਕਰੀਅਰ ਦੇ ਬਾਰੇ ਵਿਚ ਦੱਸਿਆ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ। ਉਸ ਦੇ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ। ਆਨੰਦ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ,‘‘ਮੈਂ ਜਦੋਂ 6 ਸਾਲ ਦਾ ਸੀ ਤਦ ਮੇਰੇ ਵੱਡੇ ਭਰਾ ਤੇ ਭੈਣ ਸ਼ਤਰੰਜ ਖੇਡ ਰਹੇ ਸਨ। ਫਿਰ ਮੈਂ ਆਪਣੀ ਮਾਂ ਕੋਲ ਗਿਆ ਤੇ ਉਸ ਨੇ ਮੈਨੂੰ ਵੀ ਉਨ੍ਹਾਂ ਨੂੰ ਇਸ ਖੇਡ ਨੂੰ ਸਿਖਾਉਣ ਲਈ ਕਿਹਾ। ਸ਼ਤਰੰਜ ਦੇ ਖਿਡਾਰੀ ਦੇ ਰੂਪ ਵਿਚ ਮੇਰੀ ਤਰੱਕੀ ਅਚਾਨਕ ਨਹੀਂ ਹੋਈ ਸੀ,ਇਹ ਕਈ ਸਾਲਾਂ ਵਿਚ ਕੀਤੀ ਸਖਤ ਮਿਹਨਤ ਦਾ ਨਤੀਜਾ ਹੈ। ਮੈਂ 80 ਦੇ ਦਹਾਕੇ ਵਿਚ ਜਿਹੜੀ ਸ਼ਤਰੰਜ ਸਿੱਖੀ ਸੀ, ਉਸ ਵਿਚ ਕਾਫੀ ਬਦਲਾਅ ਆ ਗਿਆ ਹੈ। ਕੰਪਿਊਟਰ ਦੇ ਆਉਣ ਨਾਲ ਖੇਡਣ ਦਾ ਤਰੀਕਾ ਕਾਫੀ ਬਦਲ ਗਿਆ। ਜਿਸ ਚੀਜ਼ ਵਿਚ ਬਦਲਾਅ ਨਹੀਂ ਆਇਆ, ਉਹ ਹੈ ਦੋ ਖਿਡਾਰੀਆਂ ਵਿਚਾਲੇ ਮੁਕਾਬਲਾ।’’

ਆਨੰਦ ਨੇ ਕਿਹਾ ਕਿ ਸ਼ਤਰੰਜ ਵਿਚ ਤੁਹਾਨੂੰ ਵਿਰੋਧੀ ਦੀ ਖੇਡ ਦਾ ਲਗਾਤਾਰ ਅਧਿਐਨ ਕਰਨ ਦੇ ਇਲਾਵਾ ਉਸਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ, ਇਸ ’ਤੇ ਵੀ ਧਿਆਨ ਦੇਣਾ ਪੈਂਦਾ ਹੈ। ਉਸ ਨੇ ਕਿਹਾ,‘‘ਸ਼ਤਰੰਜ ਵਿਚ ਤੁਹਾਨੂੰ ਦੂਜੇ ਖਿਡਾਰੀ ਨੂੰ ਹਰਾਉਣਾ ਹੁੰਦਾ ਹੈ। ਸਾਰਿਆਂ ਨੂੰ ਲੱਗਦਾ ਹੈ ਕਿ ਉਹ ਸਰਵਸ੍ਰੇਸ਼ਠ ਚਾਲ ਚੱਲ ਰਿਹਾ ਹੈ ਪਰ ਇਹ ਇਸ ਬਾਰੇ ਵਿਚ ਹੈ ਕਿ ਕੌਣ ਬੋਰਡ ’ਤੇ ਆਖਰੀ ਗਲਤੀ ਕਰਦਾ ਹੈ।’’ 50 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਮੈਚ ਤੋਂ ਬਾਅਦ ਜਿਮ ਜਾਂਦਾ ਹੈ ਤਾਂ ਕਿ ਖੇਡ ਦੇ ਤਣਾਅ ਨੂੰ ਘੱਟ ਕਰ ਸਕੇ। ਆਨੰਦ ਨੇ ਕਿਹਾ ਕਿ 1987 ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਤੇ 2017 ਵਿਸ਼ਵ ਰੈਪਿਡ ਚੈਂਪੀਅਨਸ਼ਿਪ ਉਸਦੇ ਕਰੀਅਰ ਦੇ ਦੋ ਅਹਿਮ ਟੂਰਨਾਮੈਂਟ ਰਹੇ ਹਨ।


author

Ranjit

Content Editor

Related News