IPL 2023 : ਆਲੋਚਕਾਂ ਦੇ ਨਿਸ਼ਾਨੇ 'ਤੇ ਵਿਰਾਟ, ਕੀ ਕੰਮ ਆਵੇਗਾ ਰਵੀ ਸ਼ਾਸਤਰੀ ਦਾ ਇਹ 'ਟੈਂਸ਼ਨ ਕਿਲਰ' ਫਾਰਮੂਲਾ
Tuesday, May 09, 2023 - 05:17 PM (IST)
ਨਵੀਂ ਦਿੱਲੀ : ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਸੋਮਵਾਰ ਨੂੰ ਵਿਰਾਟ ਕੋਹਲੀ ਨੂੰ ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਦੂਜੇ ਬੱਲੇਬਾਜ਼ਾਂ ਦੀ ਚਿੰਤਾ ਛੱਡ ਕੇ ਆਪਣੀ ਪਾਰੀ ਦੀ ਰਫ਼ਤਾਰ ਘੱਟ ਨਾ ਕਰਨ ਦੀ ਸਲਾਹ ਦਿੱਤੀ। ਆਰਸੀਬੀ ਦੇ ਇਸ ਬੱਲੇਬਾਜ਼ ਨੇ ਟੀਮ ਦੇ ਪਿਛਲੇ ਮੁਕਾਬਲੇ ਵਿਚ ਪਾਰੀ ਨੂੰ ਸਵਾਰਨ ਲਈ ਇਕ ਪਾਸੇ ਸੰਭਲ ਕੇ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 46 ਗੇਂਦਾਂ ਵਿਚ 55 ਦੌੜਾਂ ਬਣਾਈਆਂ ਪਰ ਬਾਅਦ ਵਿਚ ਉਨ੍ਹਾਂ ਦੀ ਬੱਲੇਬਾਜ਼ੀ ਦੀ ਨਿੰਦਾ ਹੋਈ ਕਿਉਂਕਿ ਇਸ ਨਾਲ ਟੀਮ ਨੇ ਲਗਭਗ 20 ਦੌੜਾਂ ਘੱਟ ਬਣਾਈਆਂ।
ਇਹ ਵੀ ਪੜ੍ਹੋ : ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਮਿਲੀ ਸਜ਼ਾ, ਜਾਣੋ ਕੀ ਹੈ ਮਾਮਲਾ
ਸ਼ਾਸਤਰੀ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਕਿ ਕੀ ਆਰਸੀਬੀ ਦੀ ਖ਼ਰਾਬ ਬੱਲੇਬਾਜ਼ੀ ਕਾਰਨ ਕੋਹਲੀ ਆਖ਼ਰੀ ਓਵਰਾਂ ਤਕ ਬੱਲੇਬਾਜ਼ੀ ਲਈ ਮਜਬੂਰ ਹੋਏ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਸ ਦਿੱਗਜ ਖਿਡਾਰੀ ਨੂੰ ਦੂਜੇ ਬੱਲੇਬਾਜ਼ਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਸ਼ਾਸਤਰੀ ਨੇ ਕਿਹਾ ਕਿ ਇਕ ਵਾਰ ਤੁਸੀਂ ਲੈਅ ਹਾਸਲ ਕਰ ਲੈਂਦੇ ਹੋ ਤਾਂ ਤੁਹਾਨੂੰ ਆਪਣੀ ਖੇਡ ਨੂੰ ਨਹੀਂ ਬਦਲਣਾ ਚਾਹੀਦਾ ਤੇ ਦੂਜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਵਿਰਾਟ ਲਈ ਇਹੀ ਮੇਰਾ ਸੁਨੇਹਾ ਹੋਵੇਗਾ ਕਿ ਦੂਜੇ ਬੱਲੇਬਾਜ਼ਾਂ ਨੂੰ ਆਪਣਾ ਕੰਮ ਕਰਨ ਦਿਓ।
ਟੀ-20 ਮੈਚ ਵਿਚ ਤੁਹਾਨੂੰ ਇੰਨੇ ਬੱਲੇਬਾਜ਼ਾਂ ਦੀ ਲੋੜ ਨਹੀਂ ਹੁੰਦੀ। ਜੇ ਤੁਸੀਂ ਲੈਅ ਵਿਚ ਹੋ ਤਾਂ ਆਪਣੇ ਤਰੀਕੇ ਨਾਲ ਬੱਲੇਬਾਜ਼ੀ ਜਾਰੀ ਰੱਖੋ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਬਾਰੇ ਪੁੱਛੇ ਜਾਣ 'ਤੇ ਸ਼ਾਸਤਰੀ ਨੇ ਕਿਹਾ ਕਿ ਬੱਲੇ ਨਾਲ ਯੋਗਦਾਨ ਨਾ ਦੇਣ ਦਾ ਅਸਰ ਉਨ੍ਹਾਂ ਦੀ ਕਪਤਾਨੀ 'ਤੇ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਦੌੜਾਂ ਬਣਾ ਰਹੇ ਹੋ ਤਾਂ ਇਕ ਕਪਤਾਨ ਦੇ ਰੂਪ ਵਿਚ ਕੰਮ ਬਹੁਤ ਸੌਖਾ ਹੋ ਜਾਂਦਾ ਹੈ। ਜਦ ਤੁਹਾਡਾ ਬੱਲਾ ਚੱਲ ਰਿਹਾ ਹੁੰਦਾ ਹੈ ਤਾਂ ਮੈਦਾਨ 'ਤੇ ਵੱਖਰੀ ਊਰਜਾ ਹੁੰਦੀ ਹੈ। ਇਸ ਦੇ ਉਲਟ ਜਦ ਤੁਸੀਂ ਦੌੜਾਂ ਨਹੀਂ ਬਣਾ ਰਹੇ ਹੁੰਦੇ ਤਾਂ ਉਤਸ਼ਾਹ ਵਿਚ ਕਮੀ ਹੁੰਦੀ ਹੈ। ਇਕ ਕਪਤਾਨ ਵਜੋਂ ਇਹ ਜ਼ਰੂਰੀ ਹੈ ਕਿ ਤੁਹਾਡਾ ਨਿੱਜੀ ਪ੍ਰਦਰਸ਼ਨ ਵੀ ਚੰਗਾ ਹੋਵੇ। ਇਹੀ ਟੀਮ ਆਉਣ ਵਾਲੇ ਦੋ ਤਿੰਨ ਸਾਲਾਂ ਵਿਚ ਇਕ ਮਜ਼ਬੂਤ ਟੀਮ ਬਣ ਸਕਦੀ ਹੈ ਪਰ ਇਨ੍ਹਾਂ ਨੂੰ ਸਹੀ ਤਰ੍ਹਾਂ ਇਕਜੁਟ ਕਰਨ ਦੀ ਜ਼ਿੰਮੇਵਾਰੀ ਕਪਤਾਨ ਦੀ ਹੈ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।