ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ

Thursday, Aug 18, 2022 - 11:40 AM (IST)

ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ

ਸਪੋਰਟਸ ਡੈਸਕ- ਚੀਨ ਵਿੱਚ ਕੋਵਿਡ-19 ਮਹਾਮਾਰੀ ਸਬੰਧੀ ਚਿੰਤਾਵਾਂ ਕਰ ਕੇ ਮੁਲਤਵੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਹੁਣ ਅਗਲੇ ਸਾਲ ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਹ ਐਲਾਨ ਅੱਜ ਪ੍ਰਬੰਧਕਾਂ ਨੇ ਕੀਤਾ। ਇਹ ਵੱਕਾਰੀ ਖੇਡਾਂ ਇਸ ਸਾਲ ਹਾਂਗਜ਼ੂ ਵਿੱਚ ਨੌਂ ਤੋਂ 15 ਅਕਤੂਬਰ ਤੱਕ ਹੋਣੀਆਂ ਸਨ ਪਰ ਚੀਨ ਵਿੱਚ ਕੋਵਿਡ-19 ਲਾਗ ਦੇ ਵਧਦੇ ਮਾਮਲਿਆਂ ਕਾਰਨ ਮਈ ਵਿੱਚ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। 

ਏਸ਼ੀਆਈ ਪੈਰਾਲੰਪਿਕ ਕਮੇਟੀ (ਏਪੀਸੀ) ਅਤੇ ਹਾਂਗਜ਼ੂ ਏਸ਼ੀਆਈ ਪੈਰਾ ਖੇਡ ਪ੍ਰਬੰਧਕ ਕਮੇਟੀ (ਐੱਚ. ਏ. ਪੀ. ਜੀ. ਓ. ਸੀ.) ਨੇ ਬਿਆਨ ਵਿੱਚ ਕਿਹਾ, ‘‘ਹਾਂਗਜ਼ੂ ਵਿੱਚ ਚੌਥੀਆਂ ਏਸ਼ੀਆਈ ਪੈਰਾਲੰਪਿਕ ਖੇਡਾਂ ਜੋ ਅਸਲ ਪ੍ਰੋਗਰਾਮ ਅਨੁਸਾਰ ਇਸ ਸਾਲ ਹੋਣੀਆਂ ਸਨ, ਹੁਣ 22 ਤੋਂ 28 ਅਕਤੂਬਰ 2023 ਤੱਕ ਹੋਣਗੀਆਂ।’’ ਬਿਆਨ ਵਿੱਚ ਕਿਹਾ ਗਿਆ, ‘‘ਐੱਚ. ਏ. ਪੀ. ਜੀ. ਓ. ਸੀ., ਚੀਨ ਦੀ ਕੌਮੀ ਪੈਰਾਲੰਪਿਕ ਕਮੇਟੀ, ਏਪੀਸੀ ਅਤੇ ਹੋਰ ਹਿੱਤਧਾਰਕਾਂ ਵਿਚਾਲੇ ਚਰਚਾ ਤੋਂ ਬਾਅਦ ਨਵੀਆਂ ਤਰੀਕਾਂ ਬਾਰੇ ਫ਼ੈਸਲਾ ਲਿਆ ਗਿਆ।’’ ਏਸ਼ੀਆਈ ਓਲੰਪਿਕ ਕੌਂਸਲ (ਓਸੀਏ) ਨੇ ਜੁਲਾਈ ਵਿੱਚ ਏਸ਼ੀਆਈ ਖੇਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਜੋ ਹੁਣ 23 ਸਤੰਬਰ ਤੋਂ ਅੱਠ ਅਕਤੂਬਰ 2023 ਤੱਕ ਹੋਣਗੀਆਂ।


author

Tarsem Singh

Content Editor

Related News