ਗੁਲਾਬੀ ਗੇਂਦ ਨੂੰ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ : ਰਹਾਨੇ

11/13/2019 1:02:34 AM

ਇੰਦੌਰ- ਭਾਰਤੀ ਉਪ-ਕਪਤਾਨ ਅਜਿੰਕਯ ਰਹਾਨੇ ਨੇ ਮੰਗਲਵਾਰ ਮੰਨਿਆ ਕਿ ਗੁਲਾਬੀ ਗੇਂਦ ਨਾਲ ਮੁਕਾਬਲਾ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਹੋਵੇਗਾ ਤੇ ਬੱਲੇਬਾਜ਼ਾਂ ਨੂੰ ਲਾਲ ਗੇਂਦ ਦੀ ਤੁਲਨਾ ਵਿਚ ਇਸ ਨੂੰ ਸਰੀਰ ਦੇ ਥੋੜ੍ਹਾ ਨੇੜਿਓਂ ਤੇ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ। ਬੰਗਲਾਦੇਸ਼ ਵਿਰੁੱਧ 22 ਨਵੰਬਰ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਡੇਅ-ਨਾਈਟ ਟੈਸਟ ਦੀਆਂ ਤਿਆਰੀਆਂ ਲਈ ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ, ਮਯੰਕ ਅਗਰਵਾਲ, ਮੁਹੰਮਦ ਸ਼ੰਮੀ ਤੇ ਰਵਿੰਦਰ ਜਡੇਜਾ ਦੇ ਨਾਲ ਰਹਾਨੇ ਨੇ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਡਾਇਰੈਕਟਰ ਰਾਹੁਲ ਦ੍ਰਾਵਿੜ ਦੇ ਮਾਰਗਦਰਸ਼ਨ ਵਿਚ ਗੁਲਾਬੀ ਗੇਂਦ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ ਸੀ।
ਰਹਾਨੇ ਨੇ ਇੱਥੇ ਕਿਹਾ, ''ਅਸੀਂ ਦੋ ਅਭਿਆਸ ਸੈਸ਼ਨਾਂ ਵਿਚ ਹਿੱਸਾ ਲਿਆ, ਅਸਲ ਵਿਚ ਚਾਰ ਪਰ ਇਨ੍ਹਾਂ 'ਚੋਂ ਦੋ ਗੁਲਾਬੀ ਗੇਂਦ ਨਾਲ ਸਨ। ਇਕ ਦਿਨ ਤੇ ਇਕ ਦੁਧੀਆ ਰੌਸ਼ਨੀ ਵਿਚ, ਇਹ ਰੋਮਾਂਚਕ ਰਿਹਾ।'' ਉਸ ਨੇ ਕਿਹਾ, ''ਮੈਂ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡਿਆ ਸੀ ਤੇ ਨਿਸ਼ਚਿਤ ਤੌਰ 'ਤੇ ਲਾਲ ਗੇਂਦ ਦੀ ਤੁਲਨਾ ਵਿਚ ਇਹ ਵੱਖਰੀ ਤਰ੍ਹਾਂ ਦਾ ਮੈਚ ਸੀ। ਸਾਡਾ ਧਿਆਨ 'ਸਵਿੰਗ ਤੇ ਸੀਮ ਮੂਵਮੈਂਟ' ਉੱਤੇ ਲੱਗਾ ਸੀ ਤੇ ਨਾਲ ਹੀ ਅਸੀਂ ਆਪਣੇ ਸਰੀਰ ਦੇ ਨੇੜੇ ਖੇਡਣ 'ਤੇ ਧਿਆਨ ਲਾਇਆ ਸੀ।'' ਸ਼ੁਰੂਆਤੀ ਸੈਸ਼ਨ ਤੋਂ ਬਾਅਦ ਰਹਾਨੇ ਨੂੰ ਮਹਿਸੂਸ ਹੋਇਆ ਕਿ ਬੱਲੇਬਾਜ਼ਾਂ ਨੂੰ ਆਪਣੀ ਤਕਨੀਕ ਵਿਚ ਥੋੜ੍ਹਾ ਜਿਹਾ ਬਦਲਾਅ ਕਰਨਾ ਪਵੇਗਾ।

PunjabKesari
ਫਿੱਟਨੈੱਸ ਦੇ ਮੁਲਾਂਕਣ ਲਈ ਭੁਵਨੇਸ਼ਵਰ ਨੇ ਕੀਤਾ ਭਾਰਤੀ ਟੈਸਟ ਟੀਮ ਨਾਲ ਅਭਿਆਸ
ਬਾਂਹ ਵਿਚ ਖਿਚਾਅ ਤੇ ਹੈਮਸਟਿੰ੍ਰਗ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਤੋਂ ਪਹਿਲਾਂ ਆਪਣੀ ਫਿੱਟਨੈੱਸ ਦੇ ਮੁਲਾਂਕਣ ਲਈ ਭਾਰਤੀ ਟੀਮ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਭੁਵਨੇਸ਼ਵਰ ਰਿਹੈਬਲੀਟੇਸ਼ ਦੇ ਆਖਰੀ ਸੈਸ਼ਨ ਵਿਚ ਹੈ ਤੇ ਇਹ ਭਾਰਤੀ ਟੀਮ ਮੈਨੇਜਮੈਂਟ ਦੀ ਦੇਖ-ਰੇਖ ਵਿਚ ਹੋ ਰਿਹਾ ਹੈ। ਵੈਸਟਇੰਡੀਜ਼ ਤੋਂ ਪਰਤਣ ਤੋਂ ਬਾਅਦ ਭੁਵਨੇਸ਼ਵਰ ਦੀ ਸੱਟ ਭਾਰਤੀ ਟੀਮ ਲਈ ਚਿੰਤਾ ਦਾ ਸਬੱਬ ਬਣੀ ਹੋਈ ਹੈ। ਉਹ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਰਿਹੈਬਲੀਟੇਸ਼ਨ ਪ੍ਰੋਗਰਾਮ ਵਿਚ ਹਿੱਸਾ ਲੈ ਰਿਹਾ ਹੈ। ਟੀਮ ਦੇ ਇਕ ਸੂਤਰ ਨੇ ਦੱਸਿਆ, ''ਭੁਵੀ ਇੱਥੇ ਟੀਮ ਨਾਲ ਸਕਿੱਲ ਸੈਸ਼ਨ ਵਿਚ ਹਿੱਸਾ ਲੈ ਰਿਹਾ ਹੈ। ਟੀਮ ਮੈਨੇਜਮੈਂਟ ਚਾਹੁੰਦੀ ਹੈ ਕਿ ਉਹ ਲੈਅ ਵਿਚ ਰਹੇ।''


Gurdeep Singh

Content Editor

Related News