ਗੁਲਾਬੀ ਗੇਂਦ ਵਾਲੇ ਟੈਸਟ ਨੂੰ ਰੰਗਾਰੰਗ ਬਣਾਉਣ ਲਈ ਤਿਆਰੀਆਂ ਜ਼ੋਰਾਂ ''ਤੇ

11/19/2019 3:22:15 AM

ਕੋਲਕਾਤਾ- ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ ਵਿਚ ਪਹਿਲੀ ਵਾਰ ਖੇਡੇ ਜਾਣ ਵਾਲੇ ਡੇਅ-ਨਾਈਟ ਟੈਸਟ ਨੂੰ ਯਾਦਗਾਰ ਬਣਾਉਣ ਲਈ ਇਸ ਦੇ ਮੇਜ਼ਬਾਨ ਸਥਾਨ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਸੀਰੀਜ਼ ਦਾ ਦੂਜਾ ਮੈਚ ਗੁਲਾਬੀ ਗੇਂਦ ਨਾਲ ਡੇਅ-ਨਾਈਟ ਸਵਰੂਪ ਵਿਚ ਖੇਡਿਆ ਜਾਵੇਗਾ। ਇਹ ਦੋਵਾਂ ਦੇਸ਼ਾਂ ਲਈ ਪਹਿਲਾ ਮੌਕਾ ਹੈ ਜਦੋਂ ਉਹ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਣਗੇ। ਇਹ ਭਾਰਤ ਦਾ 540ਵਾਂ  ਟੈਸਟ ਮੈਚ ਹੋਵੇਗਾ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ 3 ਦਿਨ ਵਿਚ ਹੀ ਖਤਮ ਹੋ ਗਿਆ ਸੀ।
ਬੰਗਾਲ ਕ੍ਰਿਕਟ ਸੰਘ (ਕੈਬ) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਮਿਲ ਕੇ ਇਸ ਮੈਚ ਦੀਆਂ ਤਿਆਰੀਆਂ ਵਿਚ ਰੁੱਝੇ ਹਨ, ਜਿਸ ਵਿਚ ਕਈ ਸਾਬਕਾ ਧਾਕੜ ਕ੍ਰਿਕਟਰਾਂ ਸਚਿਨ ਤੇਂਦੁਲਕਰ, ਵੀ. ਵੀ. ਐੱਸ. ਲਕਸ਼ਮਣ, ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ ਦੇ ਨਾਲ-ਨਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੌਜੂਦ ਰਹਿਣ ਦੀ ਵੀ ਉਮੀਦ ਹੈ। ਉਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਦੇ ਮੌਜੂਦਾ ਮੁਖੀ ਤੇ ਕੈਬ ਦੇ ਸਾਬਕਾ ਮੁਖੀ ਸੌਰਭ ਗਾਂਗੁਲੀ ਦੀ ਪਹਿਲ ਤੋਂ ਬਾਅਦ ਭਾਰਤ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਖੇਡਣ ਨੂੰ ਲੈ ਕੇ ਰਾਜ਼ੀ ਹੋਇਆ ਹੈ। ਭਾਰਤ ਆਪਣੇ ਘਰੇਲੂ ਮੈਦਾਨ 'ਤੇ ਟੈਸਟ ਦੇ ਇਸ ਸਭ ਤੋਂ ਨਵੇਂ ਸਵਰੂਪ ਵਿਚ ਖੇਡਣ ਜਾ ਰਿਹਾ ਹੈ, ਜਿਸ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਇਸ ਦੌਰਾਨ ਆਯੋਜਨ ਕੀਤਾ ਗਿਆ ਹੈ।
ਕੈਬ ਕ੍ਰੇਕ੍ਰਾਫਟ ਨਾਲ ਕੇ ਦੀਵਾਰਾਂ 'ਤੇ ਉਕੇਰ ਰਿਹੈ ਕ੍ਰਿਕਟ ਦੇ ਯਾਦਗਰ ਪਲ
ਕੈਬ ਨੇ ਮੈਚ ਵਿਚ ਕ੍ਰੇਕ੍ਰਾਫਟ ਨਾਲ ਮਿਲ ਕੇ ਈਡਨ ਗਾਰਡਨ ਦੀਆਂ ਦੀਵਾਰਾਂ 'ਤੇ ਕ੍ਰਿਕਟ ਦੇ ਯਾਦਗਾਰ ਪਲਾਂ ਨੂੰ ਚਿੱਤਰਾਂ ਦੇ ਰੂਪ ਵਿਚ ਉਕੇਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਇੱਥੇ ਖਿਡਾਰੀਆਂ  ਦੇ ਪਹਿਲੇ ਮੈਚ ਤੋਂ ਲੈ ਕੇ ਉਸ ਦੇ ਰਾਸ਼ਟਰੀ ਟੀਮ ਵਿਚ ਖੇਡਣ ਤੱਕ ਦੇ ਸਫਰ ਨੂੰ ਦਿਖਾਇਆ ਜਾਵੇਗਾ।
ਕ੍ਰੇਕ੍ਰਾਫਟ ਦੇ ਮੁਖੀ ਸਯਾਨ ਮੁਖਰਜੀ ਨੇ ਇਸ ਪੂਰੀ ਚਿੱਤਰਕਲਾ ਨੂੰ ਡਿਜ਼ਾਈਨ ਕੀਤਾ ਹੈ। ਉਸ ਨੇ ਕਿਹਾ, ''ਅਸੀਂ ਖਿਡਾਰੀਆਂ ਦੇ ਗਲੀ ਕ੍ਰਿਕਟ ਤੋਂ ਵੱਡੇ ਸਟੇਡੀਅਮਾਂ ਤੱਕ ਦੇ ਸਫਰ ਨੂੰ ਦਿਖਾਵਾਂਗੇ।'' ਈਡਨ ਆਰਟ ਕਾਲਜ ਵਿਚ ਪੜ੍ਹਨ ਵਾਲੇ ਤਕਰੀਬਨ 20 ਕਲਾਕਾਰ ਦੀਵਾਰਾਂ 'ਤੇ ਚਿੱਤਰ ਉਕੇਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਦੋਵਾਂ ਟੀਮਾਂ ਦੇ ਨਾਂ ਦਾ ਮਸਕਟ 'ਪਿੰਕੂ-ਟਿੰਕੂ' ਵੀ ਕੀਤਾ ਗਿਐ ਤਿਆਰ
ਭਾਰਤ ਤੇ ਬੰਗਲਾਦੇਸ਼ ਦੋਵਾਂ ਹੀ ਟੀਮਾਂ ਲਈ ਇਹ ਇਤਿਹਾਸਕ ਪਲ ਹੋਵੇਗਾ, ਇਸ ਲਈ ਉਨ੍ਹਾਂ ਦੇ ਨਾਂ ਦਾ ਮਸਕਟ ਵੀ ਤਿਆਰ ਕੀਤਾ ਗਿਆ ਹੈ, ਜਿਸ ਨੂੰ 'ਪਿੰਕੂ-ਟਿੰਕੂ' ਨਾਂ ਦਿੱਤਾ ਗਿਆ ਹੈ। ਇਹ ਮਸਕਟ ਮੈਚ ਦੌਰਾਨ ਦਿਖਾਈ ਦੇਵੇਗਾ। ਉਥੇ ਹੀ ਆਸਮਾਨ ਵਿਚ ਇਕ ਗੁਲਾਬੀ ਰੰਗ ਦਾ ਗੁਬਾਰਾ ਵੀ ਮੈਚ ਦੇ ਆਖਿਰ ਤੱਕ ਹਵਾ ਵਿਚ ਉਡਦਾ ਰਹੇਗਾ। ਸ਼ਹੀਦ ਮੀਨਾਰ ਤੇ ਕੇ. ਐੱਮ. ਸੀ. ਪਾਰਕਾਂ ਵਿਚ ਗੁਲਾਬੀ ਰੰਗ ਦੀ ਰੌਸ਼ਨੀ ਕੀਤੀ ਜਾਵੇਗੀ, ਜਦਕਿ ਟਾਟਾ ਸਟੀਲ ਇਮਾਰਤ 'ਤੇ 20 ਨਵੰਬਰ ਤੋਂ 3 ਡੀ ਮੈਪਿੰਗ ਦੇਖਣ ਨੂੰ ਮਿਲੇਗੀ।
ਸੈਨਾ ਦੇ ਪੈਰਾਟੂਪਰ ਆਸਮਾਨ ਤੋਂ ਹੇਠਾਂ ਉਤਰ ਕੇ ਦੋਵਾਂ ਕਪਤਾਨਾਂ ਨੂੰ ਸੌਂਪਣਗੇ ਗੁਲਾਬੀ ਗੇਂਦ
ਕੈਬ ਦੇ ਸਕੱਤਰ ਅਭਿਸ਼ੇਕ ਡਾਲਮੀਆ ਨੇ ਦੱਸਿਆ ਕਿ ਸੈਨਾ ਦੇ ਪੈਰਾਟੂਪਰ ਈਡਨ ਗਾਰਡਨ ਮੈਦਾਨ 'ਤੇ ਆਸਮਾਨ ਤੋਂ ਹੇਠਾਂ ਉਤਰਨਗੇ ਅਤੇ ਮੈਚ ਤੋਂ ਪਹਿਲਾਂ ਦੋਵੇਂ ਕਪਤਾਨਾਂ ਨੂੰ ਗੁਲਾਬੀ ਗੇਂਦ ਸੌਂਪਣਗੇ। ਉਨ੍ਹਾਂ ਕਿਹਾ, ''ਸੈਨਾ ਦੀ ਈਸਟਰਨ ਕਮਾਂਡ ਦੇ ਪੈਰਾਟੂਪਰ ਵਿਕਟ 'ਤੇ ਦੋ ਗੁਲਾਬੀ ਗੇਂਦਾਂ ਲੈ ਕੇ ਉਤਰਨਗੇ ਅਤੇ ਦੋਵੇਂ ਕਪਤਾਨਾਂ ਨੂੰ ਗੇਂਦ ਸੌਂਪਣਗੇ।''
ਮੈਚ ਹਰ ਦਿਨ 1 ਵਜੇ ਤੋਂ ਸ਼ੁਰੂ ਹੋਵੇਗਾ
ਡਾਲਮੀਆ ਨੇ ਦੱਸਿਆ ਕਿ ਮੈਚ ਹਰ ਦਿਨ ਇਕ ਵਜੇ ਸ਼ੁਰੂ ਹੋਵੇਗਾ, ਜਿਸ ਵਿਚ 3.40 ਮਿੰਟ 'ਤੇ ਲੰਚ ਤੋਂ ਬਾਅਦ ਮੈਚ ਫਿਰ ਸ਼ੁਰੂ ਹੋਵੇਗਾ, ਜਿਸ ਵਿਚ ਫਲੱਡ ਲਾਈਟ ਆਨ ਕਰ ਦਿੱਤੀ ਜਾਵੇਗੀ। ਮੈਚ ਦਾ ਆਖਰੀ ਸੈਸ਼ਨ 6 ਤੋਂ 8 ਵਜੇ ਤੱਕ ਚੱਲੇਗਾ। ਇਸ ਮੈਚ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ ਅਤੇ ਈਡਨ ਗਾਰਡਨ ਵਿਚ ਤਕਰੀਬਨ 50 ਹਜ਼ਾਰ ਦਰਸ਼ਕਾਂ ਦੇ ਪਹਿਲੇ ਦਿਨ ਹਾਜ਼ਰ ਰਹਿਣ ਦੀ ਉਮੀਦ ਹੈ, ਜਿਸ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।


Gurdeep Singh

Content Editor

Related News