ਪੀ. ਸੀ. ਏ. ਦਾ ਮੈਚ ਅਜੇ ਖਤਮ ਨਹੀਂ ਹੋਇਆ!

11/24/2022 4:31:33 PM

ਜਲੰਧਰ (ਵਿਸ਼ੇਸ਼)– ਕ੍ਰਿਕਟ ਵਿਚ ਅਸਲੀ ਖਿਡਾਰੀ ਉਹ ਹੁੰਦਾ ਹੈ ਜਿਹੜਾ ਮੈਚ ਦੀ ਆਖਰੀ ਗੇਂਦ ਤਕ ਹਾਰ ਨਹੀਂ ਮੰਨਦਾ। ਜਿਹੜਾ ਇਸ ਤੋਂ ਪਹਿਲਾਂ ਹੀ ਆਪਣੇ ਹਾਵ-ਭਾਵ ਨਾਲ ਹਾਰ ਸਵੀਕਾਰ ਕਰ ਲੈਂਦਾ ਹੈ, ਉਹ ਖਿਡਾਰੀ ਨਹੀਂ, ਅਨਾੜੀ ਹੁੰਦਾ ਹੈ, ਜਿਸ ਨੂੰ ਕਿਸੇ ਦੀ ਸਿਫਾਰਿਸ਼ ਜਾਂ ਹੋਰ ਤਰੀਕੇ ਨਾਲ ਟੀਮ ਵਿਚ ਸ਼ਾਮਲ ਕੀਤਾ ਜਾਂਦਾ ਹੈ। ਜਦੋਂ ਅਜਿਹਾ ਇਕ ਵੀ ਖਿਡਾਰੀ ਟੀਮ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਅੰਦਾਜ਼ਾ ਲੱਗ ਹੀ ਜਾਂਦਾ ਹੈ ਕਿ ਟੀਮ ਦੀ ਹਾਲਤ ਕੀ ਹੋਣ ਵਾਲੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਮੈਚ ਮੈਦਾਨ ਵਿਚ ਹੀ ਖੇਡਿਆ ਜਾਵੇ। ਕਈ ਮੈਚ ਅਜਿਹੇ ਵੀ ਹੁੰਦੇ ਹਨ, ਜਿਹੜੇ ਮੈਦਾਨ ਦੇ ਬਾਹਰ ਤਿਕੜਮਬਾਜ਼ੀ ਤੇ ਸੋਚ-ਸਮਝ ਕੇ ਖੇਡੇ ਜਾਂਦੇ ਹਨ। ਜਿੱਤਣ ਵਾਲਾ ਸੋਚਦਾ ਹੈ ਕਿ ਮੈਂ ਜਿੱਤਣਾ ਹੀ ਸੀ ਤੇ ਹਾਰ ਜਾਣ ਵਾਲਾ ਸੋਚਦਾ ਹੈ ਕਿ ਅਜੇ ਆਖਰੀ ਗੇਂਦ ਸੁੱਟਣੀ ਬਾਕੀ ਹੈ।

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਿਚ ਵੀ ਲਗਭਗ ਅਜਿਹਾ ਹੀ ਮੈਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਜਿੱਤਣ ਵਾਲੇ ਇਹ ਭੁੱਲ ਕੇ ਬੈਠੇ ਹਨ ਕਿ ਅਜੇ ਆਖਰੀ ਗੇਂਦ ਸੁੱਟਣੀ ਬਾਕੀ ਹੈ। 3 ਮੈਂਬਰੀ ਕਮੇਟੀ ਜਿਹੜੀ 20 ਮਿਤੀ ਦੀ ਮੀਟਿੰਗ ਦੌਰਾਨ ਵਜੂਦ ਵਿਚ ਆਈ ਹੈ, ਜ਼ੋਰ-ਸ਼ੋਰ ਨਾਲ ਇਹ ਪ੍ਰਚਾਰ ਕਰ ਰਹੀ ਹੈ ਕਿ ਜਿਵੇਂ ਉਸ ਨੇ ਕ੍ਰਿਕਟ ਦੇ ਖੇਤਰ ਵਿਚ ਬਹੁਤ ਵੱਡੀ ਕੋਈ ਬਾਜ਼ੀ ਮਾਰ ਲਈ ਹੋਵੇ ਪਰ ਇਹ ਅਸਲੀਅਤ ਨਹੀਂ ਹੈ। 3 ਮੈਂਬਰੀ ਕਮੇਟੀ ਦੇ ਅਧਿਕਾਰ ਸੀਮਿਤ ਹਨ। ਅਸਲੀਅਤ ਤਾਂ ਇਹ ਹੈ ਕਿ 3 ਮੈਂਬਰੀ ਕਮੇਟੀ ਪੀ. ਸੀ. ਏ. ਦੇ ਪੂਰੇ ਸੰਚਾਲਨ ਲਈ ਨਹੀਂ ਹੈ। ਇਸਦੀ ਜ਼ਿੰਮੇਵਾਰੀ ਸਿਰਫ 2 ਕੰਮਾਂ  ਲਈ ਹੈ। ਇਕ ਚੋਣ ਅਧਿਕਾਰੀ ਦੀ ਚੋਣ ਕਰਨਾ ਤੇ ਦੂਜਾ ਪੀ. ਸੀ. ਏ. ਲਈ ਆਡੀਟਰ ਲੱਭਣਾ। ਪ੍ਰਚਾਰ ਤਾਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਜਿਵੇਂ ਇਹ 3 ਵਿਅਕਤੀ ਪੂਰੀ ਪੀ. ਸੀ. ਏ. ਹੀ ਹਨ। ਇਸ ਮੀਟਿੰਗ ਦੀ ਇਕ ਹੋਰ ਅਸਲੀਅਤ ਹੈ। ਮੀਟਿੰਗ ਵਿਚ ਸਕੱਤਰ ਤੇ ਸੀ. ਈ. ਓ. ਦਾ ਪ੍ਰਸਤਾਵ ਆਉਂਦਾ ਹੈ, ਇਸ ਵਿਚਾਲੇ ਸਾਂਝੇ ਸਕੱਤਰ ਦਾ ਨਾਂ ਰੱਖ ਦਿੱਤਾ ਜਾਂਦਾ ਹੈ, ਜਿਸ ਨੂੰ ਮਜਬੂਰੀ ਵਿਚ ਹਾਊਸ ਨੂੰ ਮੰਨਣਾ ਪੈਂਦਾ ਹੈ, ਕਿਉਂਕਿ ਇਸ ਮੀਟਿੰਗ ਨੂੰ ਇਨ੍ਹਾਂ ਸਾਜ਼ਿਸ਼ਕਰਤਾਵਾਂ ਨੇ ਬੁਲਾਉਣ ਦੀ ਜੱਦੋ-ਜਹਿਦ ਕੀਤੀ ਸੀ। 

ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੀ. ਸੀ. ਏ. ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਵਾਲੇ ਲੋਕ ਆਪਣੇ ਹੀ ਖੇਮੇ ਦੇ ਚੋਣ ਅਧਿਕਾਰੀ ਤੇ ਆਡੀਟਰ ਨਿਯੁਕਤ ਕਰਨ ਦੀ ਕੋਸ਼ਿਸ਼ ਕਰਨਗੇ। ਅਜਿਹਾ ਕਰਨ ਨਾਲ ਇਸਦੀਆਂ ਮਨਮਾਨੀਆਂ ਦੀ ਰੋਕਥਾਮ ਦੀ ਗੁੰਜਾਇੰਸ਼ ਖਤਮ ਹੋ ਜਾਵੇਗੀ। ਇਮਾਨਦਾਰ ਲਾਈਫ ਟਾਈਮ ਮੈਂਬਰ ਇਹ ਹੀ ਉਮੀਦ ਕਰਦੇ ਹਨ ਕਿ ਚੋਣ ਅਧਿਕਾਰੀ ਹਾਈ ਕੋਰਟ ਦਾ ਜੱਜ ਹੋਵੇ ਜਾਂ ਉਹ ਵਿਅਕਤੀ ਜਿਹੜਾ ਪੀ. ਸੀ. ਏ. ਦੀਆਂ ਚੋਣਾਂ ਨੂੰ ਉਸੇ ਪੈਟਰਨ ’ਤੇ ਕਰਵਾਏ ਜਿਹੜਾ ਪੈਟਰਨ ਆਜ਼ਾਦ ਪ੍ਰਣਾਲੀ ਵਲੋਂ ਹੁੰਦਾ ਹੈ ਅਰਥਾਤ ਵੋਟਰ ਲਿਸਟ ਜਾਰੀ ਹੋਵੇ, ਵੋਟਰਾਂ ’ਤੇ ਇਤਰਾਜ਼ ਤੇ ਗੁਪਤ ਮਤਦਾਨ ਹੋਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਚੱਕਰਵਿਊ ਰਚਣ ਵਾਲੇ ਸਾਜ਼ਿਸ਼ਕਰਤਾ ਵਾਰ-ਵਾਰ ਪੀ. ਸੀ. ਏ. ਵਿਚ ਬਖੇੜਾ ਖੜ੍ਹਾ ਕਰਦੇ ਰਹਿਣਗੇ। 


cherry

Content Editor

Related News