ਪਾਕਿਸਤਾਨ ਕ੍ਰਿਕਟ ਟੀਮ 28 ਜੂਨ ਨੂੰ ਇੰਗਲੈਂਡ ਲਈ ਹੋਵੇਗੀ ਰਵਾਨਾ
Sunday, Jun 21, 2020 - 01:45 PM (IST)
ਇਸਲਾਮਾਬਾਦ– ਪਾਕਿਸਤਾਨ ਕ੍ਰਿਕਟ ਟੀਮ 3 ਟੈਸਟ ਤੇ 3 ਟੀ-20 ਕੌਮਾਂਤਰੀ ਮੈਚ ਖੇਡਣ ਲਈ 28 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ। ਪਾਕਿਸਾਤਨ ਕ੍ਰਿਕਟ ਬੋਰਡ ਨੇ ਸ਼ਨੀਵਾਰ ਨੂੰ ਰਵਾਨਗੀ ਦੀ ਮਿਤੀ ਦਾ ਪੁਸ਼ਟੀ ਕੀਤੀ ਤੇ ਕਿਹਾ ਕਿ ਟੀਮ ਕੋਰੋਨਾ ਵਾਇਰਸ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਤਹਿਤ 14 ਦਿਨ ਲਈ ਡਰਬੀਸ਼ਾਇਰ ਵਿਚ ਇਕਾਂਤਵਾਸ ਵਿਚ ਰਹੇਗੀ ਪਰ ਇਸ ਦੌਰਾਨ ਉਸ ਨੂੰ ਅਭਿਆਸ ਕਰਨ ਕਰਨ ਦੀ ਮਨਜ਼ੂਰੀ ਹੋਵੇਗੀ। ਚੋਣਕਾਰਾਂ ਨੇ ਦੌਰੇ ਲਈ 29 ਖਿਡਾਰੀਆਂ ਦੀ ਟੀਮ ਚੁਣੀ ਹੈ ਤਾਂ ਕਿ ਜੇਕਰ ਕੋਈ ਖਿਡਾਰੀ ਬੀਮਾਰ ਹੋ ਜਾਵੇ ਤਾਂ ਤੁਰੰਤ ਉਸਦੀ ਜਗ੍ਹਾ ਕੋਈ ਹੋਰ ਖਿਡਾਰੀ ਮੌਜੂਦ ਰਹੇ।
ਪਾਕਿਸਤਾਨ ਕ੍ਰਿਕਟਰਾਂ ਨੇ 17 ਮਾਰਚ ਤੋਂ ਬਾਅਦ ਤੋਂ ਕੋਈ ਮੁਕਾਬਲੇਬਾਜ਼ੀ ਕ੍ਰਿਕਟ ਨਹੀਂ ਖੇਡੀ ਹੈ।
ਸ਼ੋਏਬ ਮਲਿਕ ਨੂੰ ਦੇਰ ਨਾਲ ਪਹੁੰਚਣ ਦੀ ਮਿਲੀ ਮਨਜ਼ੂਰੀ
ਆਲਰਾਊਂਡਰ ਸ਼ੋਏਬ ਮਲਿਕ ਟੀ-20 ਮੈਚਾਂ ਵਿਚ ਖੇਡੇਗਾ ਤੇ ਉਸ ਨੂੰ ਪੀ. ਸੀ. ਬੀ. ਨੇ 24 ਜੁਲਾਈ ਨੂੰ ਇੰਗਲੈਂਡ ਵਿਚ ਟੀਮ ਨਾਲ ਜੁੜਨ ਦੀ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਨਾਲ ਥੋੜ੍ਹਾ ਸਮਾਂ ਬਿਤਾਉਣਾ ਚਾਹੁੰਦਾ ਹੈ। ਕੌਮਾਂਤਰੀ ਯਾਤਰਾ ਪਾਬੰਦੀਆਂ ਦੇ ਕਾਰਣ ਮਲਿਕ ਆਪਣੀ ਪਤਨੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਤੇ ਇਕ ਸਾਲ ਦੇ ਬੇਟੇ ਇਜਹਾਨ ਨਾਲ 5 ਮਹੀਨਿਆਂ ਤੋਂ ਮਿਲ ਨਹੀਂ ਪਾਇਆ ਹੈ। ਸਾਨੀਆ ਤੇ ਇਜਹਾਨ ਦੋਵੇਂ ਭਾਰਤ ਵਿਚ ਹਨ ਜਦਕਿ ਉਹ ਸਿਆਲਕੋਟ ਵਿਚ ਆਪਣੇ ਘਰ ਵਿਚ ਸੀ। ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਬਿਆਨ ਵਿਚ ਇਸਦੀ ਜਾਣਕਾਰੀ ਦਿੱਤੀ।