ਗਾਲੇ ’ਚ ਸ਼੍ਰੀਲੰਕਾ-ਨਿਊਜ਼ੀਲੈਂਡ ਵਿਚਾਲੇ ਸ਼ੁਰੂਆਤੀ ਟੈਸਟ ਹੋਵੇਗਾ 6 ਦਿਨ ਦਾ!

Saturday, Aug 24, 2024 - 10:49 AM (IST)

ਦੁਬਈ– ਅਗਲੇ ਮਹੀਨੇ ਗਾਲੇ ਵਿਚ ਨਿਊਜ਼ੀਲੈਂਡ ਵਿਰੁੱਧ ਸ਼੍ਰੀਲੰਕਾ ਦਾ ਸ਼ੁਰੂਆਤੀ ਟੈਸਟ ਮੈਚ 6 ਦਿਨ ਦਾ ਹੋਵੇਗਾ, ਜਿਸ ਵਿਚ ਇਸ ਮਹਾਦੀਪੀ ਦੇਸ਼ ਵਿਚ ਰਾਸ਼ਟਰਪਤੀ ਚੋਣਾਂ ਕਾਰਨ ਇਕ ਦਿਨ ਦੀ ਬ੍ਰੇਕ ਰੱਖੀ ਗਈ ਹੈ। ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ 18 ਸਤੰਬਰ ਨੂੰ ਸ਼ੁਰੂ ਹੋਣ ਵਾਲੇ ਟੈਸਟ ਵਿਚ ‘ਡੈਮੋਕ੍ਰੇਟਿਕ ਸੋਸ਼ਲਿਸਟ ਰਿਪਬਲਿਕ ਆਫ ਸ਼੍ਰੀਲੰਕਾ’ ਦੇ ਰਾਸ਼ਟਰਪਤੀ ਦੀ ਚੋਣ ਕਾਰਨ 21 ਸਤੰਬਰ ਨੂੰ ਆਰਾਮ ਦਾ ਦਿਨ ਹੋਵੇਗਾ। ਦੋ ਦਹਾਕੇ ਤੋਂ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਸ਼੍ਰੀਲੰਕਾ 6 ਦਿਨਾਂ ਦੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ 2001 ਵਿਚ ਕੋਲੰਬੋ ਵਿਚ ਜ਼ਿੰਬਾਬਵੇ ਵਿਰੁੱਧ ਖੇਡੇ ਗਏ ਮੈਚ ਵਿਚ ਪੋਯਾ ਡੇ (ਪੂਰਣਿਮਾ) ਕਾਰਨ ਇਕ ਦਿਨ ਦਾ ਆਰਾਮ ਰੱਖਿਆ ਗਿਆ ਸੀ।
ਦੋ ਮੈਚਾਂ ਦੀ ਇਹ ਲੜੀ ਮੌਜੂਦਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਪੜਾਅ ਦਾ ਹਿੱਸਾ ਹੈ, ਜਿਸ ਦਾ ਦੂਜਾ ਟੈਸਟ 26-30 ਸਤੰਬਰ ਤਕ ਉਸੇ ਸਥਾਨ ’ਤੇ ਖੇਡਿਆ ਜਾਵੇਗਾ। ਪਿਛਲੀ ਸ਼ਤਾਬਦੀ ਵਿਚ ਟੈਸਟ ਕ੍ਰਿਕਟ ਵਿਚਾਲੇ ਇਕ ਦਿਨ ਦਾ ਆਰਾਮ ਆਮ ਗੱਲ ਸੀ ਪਰ ਹੁਣ ਇਹ ਰਿਵਾਜ਼ ਲੱਗਭਗ ਖਤਮ ਹੋ ਗਿਆ ਹੈ। ਬੰਗਲਾਦੇਸ਼ ਨੇ ਦਸੰਬਰ 2008 ਵਿਚ ਸ਼੍ਰੀਲੰਕਾ ਵਿਰੁੱਧ ਟੈਸਟ ਲੜੀ ਦਾ ਪਹਿਲਾ ਮੈਚ ਸੰਸਦੀ ਚੋਣਾਂ ਕਾਰਨ ਛੇ ਦਿਨਾ ਦਾ ਰੱਖਿਆ ਸੀ।


Aarti dhillon

Content Editor

Related News