ਸ਼੍ਰੀਲੰਕਾ ਵਿਰੁੱਧ 5 ਮੈਚਾਂ ਦੀ ਲੜੀ ਦਾ ਆਖਰੀ ਟੀ-20 ਅੱਜ
Tuesday, Dec 30, 2025 - 10:23 AM (IST)
ਤਿਰੂਵੰਤਨਪੁਰਮ– ਭਾਰਤੀ ਮਹਿਲਾ ਕ੍ਰਿਕਟ ਟੀਮ ਆਪਣੀ ਹਮਲਵਾਰ ਖੇਡ ਨੂੰ ਜਾਰੀ ਰੱਖਦੇ ਹੋਏ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਤੇ ਆਖਰੀ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਜਿੱਤ ਦਰਜ ਕਰ ਕੇ 5 ਮੈਚਾਂ ਦੀ ਲੜੀ ਵਿਚ 5-0 ਨਾਲ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰੇਗੀ।
ਇਹ ਲੜੀ ਅਗਲੇ ਸਾਲ ਜੂਨ-ਜੁਲਾਈ ਵਿਚ ਇੰਗਲੈਂਡ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਦੀਆਂ ਤਿਆਰੀਆਂ ਦਾ ਇਕ ਮਹੱਤਵਪੂਰਨ ਹਿੱਸਾ ਹੈ। ਸ਼੍ਰੀਲੰਕਾ ਵਿਰੁੱਧ ਮੌਜੂਦਾ ਲੜੀ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਤੇ ਇੰਗਲੈਂਡ ਵਿਚ 3-3 ਟੀ-20 ਕੌਮਾਂਤਰੀ ਮੈਚ ਖੇਡੇਗੀ। ਭਾਰਤੀ ਟੀਮ 2024 ਵਿਚ ਟੀ-20 ਵਿਸ਼ਵ ਕੱਪ ਵਿਚ ਗਰੁੱਪ ਪੜਾਅ ਵਿਚੋਂ ਬਾਹਰ ਹੋ ਗਈ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੀ ਸ਼ੈਲੀ ਵਿਚ ਬਦਲਾਅ ਕੀਤਾ ਤੇ ਜ਼ਿਆਦਾ ਹਮਲਾਵਰਤਾ ਅਪਣਾਈ, ਜਿਸ ਨਾਲ ਉਸ ਨੂੰ ਅਨੁਕੂਲ ਨਤੀਜੇ ਮਿਲੇ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, ‘‘ਇਹ ਲੜੀ ਸਾਡੇ ਸਾਰਿਆਂ ਲਈ ਸ਼ਾਨਦਾਰ ਰਹੀ। ਪਿਛਲੇ ਵਿਸ਼ਵ ਕੱਪ ਤੋਂ ਬਾਅਦ ਅਸੀਂ ਇਸ ਗੱਲ ’ਤੇ ਚਰਚਾ ਕੀਤੀ ਸੀ ਕਿ ਸਾਨੂੰ ਆਪਣੇ ਪੱਧਰ ਨੂੰ ਉੱਪਰ ਚੁੱਕਣਾ ਪਵੇਗਾ ਤੇ ਟੀ-20 ਵਿਚ ਜ਼ਿਆਦਾ ਹਮਲਾਵਰ ਹੋ ਕੇ ਖੇਡਣਾ ਪਵੇਗਾ।’’ਸ਼ੁਰੂਆਤੀ ਤਿੰਨ ਮੈਚਾਂ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਬੱਲੇਬਾਜ਼ਾਂ ਨੂੰ ਬਹੁਤ ਘੱਟ ਮਿਹਨਤ ਕਰਨੀ ਪਈ। ਇਨ੍ਹਾਂ ਮੈਚਾਂ ਵਿਚ ਹਾਲਾਂਕਿ ਹਮਲਾਵਰ ਅੰਦਾਜ਼ ਵਿਚ ਖੇਡਣ ਵਾਲੀ ਸ਼ੈਫਾਲੀ ਵਰਮਾ ਨੇ ਪ੍ਰਭਾਵਿਤ ਕੀਤਾ ਹੈ।
