ਓਲੰਪਿਕ ’ਚ ਖੇਡੇਗੀ ਇਸਰਾਈਲੀ ਫੁੱਟਬਾਲ ਟੀਮ, ਫੀਫਾ ਨੇ ਸੰਭਾਵਿਤ ਪਾਬੰਦੀ ’ਤੇ ਫੈਸਲਾ ਟਾਲਿਆ
Friday, Jul 19, 2024 - 05:38 PM (IST)
ਜਿਊਰਿਖ–ਫੀਫਾ ਨੇ ਇਸਰਾਈਲ ਨੂੰ ਕੌਮਾਂਤਰੀ ਫੁੱਟਬਾਲ ਤੋਂ ਪਾਬੰਦੀਸ਼ੁਦਾ ਕਰਨ ਦੇ ਫਲਸਤੀਨ ਦੇ ਪ੍ਰਸਤਾਵ ’ਤੇ ਫੈਸਲਾ ਟਾਲ ਦਿੱਤਾ ਹੈ, ਜਿਸ ਨਾਲ ਇਸਰਾਈਲ ਫੁੱਟਬਾਲ ਟੀਮ ਪੈਰਿਸ ਓਲੰਪਿਕ ਵਿਚ ਖੇਡ ਸਕੇਗੀ। ਦੋ ਮਹੀਨੇ ਪਹਿਲਾਂ ਫਲਸਤੀਨ ਦੇ ਪ੍ਰਸਤਾਵ ’ਤੇ ਨਿਰਪੱਖ ਕਾਨੂੰਨੀ ਮੁਲਾਂਕਣ ਦੇ ਐਲਾਨ ਤੋਂ ਬਾਅਦ ਫੀਫਾ ਨੂੰ ਆਮ ਸਭਾ ਦੀ ਆਸਾਧਾਰਨ ਮੀਟਿੰਗ ਵਿਚ ਸ਼ਨੀਵਾਰ ਨੂੰ ਇਸ ’ਤੇ ਫੈਸਲਾ ਲੈਣਾ ਸੀ।
ਇਹ ਫੈਸਲਾ ਓਲੰਪਿਕ ਦੀ ਫੁੱਟਬਾਲ ਪ੍ਰਤੀਯੋਗਿਤਾ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਆਉਂਦਾ, ਜਿਸ ਵਿਚ ਇਸਰਾਈਲ ਨੂੰ ਜਾਪਾਨ, ਮਾਲੀ ਤੇ ਪੈਰਾਗਵੇ ਦੇ ਨਾਲ ਇਕ ਗਰੁੱਪ ਵਿਚ ਰੱਖਿਆ ਗਿਆ ਹੈ। ਫੀਫਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਕਿਰਿਆ ਪੂਰੀ ਕਰਨ ਵਿਚ ਅਜੇ ਹੋਰ ਸਮਾਂ ਲੱਗੇਗਾ ਅਰਥਾਤ ਫੈਸਲਾ ਓਲੰਪਿਕ ਤੋਂ ਬਾਅਦ ਆਵੇਗਾ।
ਫੀਫਾ ਨੇ ਕਿਹਾ ਕਿ ਦੋਵੇਂ ਪੱਖਾਂ ਨੇ ਆਪਣਾ-ਆਪਣਾ ਸਮਾਂ ਹੱਦ ਵਧਾਉਣ ਦੀ ਅਪੀਲ ਕੀਤੀ ਹੈ। ਇਸ ਦੇ ਅਰਥ ਹਨ ਕਿ ਆਜ਼ਾਦ ਮੁਲਾਂਕਣ ਹੁਣ ਫੀਫਾ ਨੂੰ 31 ਅਗਸਤ ਤੋਂ ਪਹਿਲਾਂ ਨਹੀਂ ਸੌਂਪਿਆ ਜਾ ਸਕੇਗਾ। ਓਲੰਪਿਕ ਫੁੱਟਬਾਲ ਪੁਰਸ਼ ਫਾਈਨਲ 9 ਅਗਸਤ ਨੂੰ ਹੈ।