ਮੁੱਖ ਮੰਤਰੀ ਮਨੋਹਰ ਲਾਲ ਖੱਟਡ਼ ਨੂੰ ਮਿਲਣ ਗਈ ਖਿਡਾਰਨ 'ਤੇ ਪੁਲਸ ਦਾ ਕਹਿਰ

10/10/2017 2:50:05 PM

ਭਿਵਾਨੀ(ਬਿਊਰੋ)— ਹਰਿਆਣਾ ਦੇ ਭਿਵਾਨੀ 'ਚ ਮਹਿਲਾ ਖਿਡਾਰਨ ਨੂੰ ਆਪਣਾ ਹੱਕ ਮੰਗੇ ਜਾਣ 'ਤੇ ਧੱਕੇ ਖਾਣੇ ਪਏ। ਬਾਵੜੀ ਨਿਵਾਸੀ ਪ੍ਰਿਯੰਕਾ ਜੋ ਕਰਾਟੇ ਦੀ ਖਿਡਾਰਨ ਹੈ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਆਪਣਾ ਦੁੱਖ ਸਣਾਉਣਾ ਚਾਹੁੰਦੀ ਸੀ ਪਰ ਪੁਲਸ ਨੇ ਮਿਲਣ ਤਾਂ ਕੀ ਦੇਣਾ ਸੀ, ਉਲਟਾ ਖਿਡਾਰਨ ਨੂੰ ਧੱਕੇ ਦੇ ਕੇ ਉਸ ਨੂੰ ਨੇੜੇ ਨਹੀਂ ਜਾਣ ਦਿੱਤਾ। ਪ੍ਰਿਯੰਕਾ ਦਾ ਕਹਿਣਾ ਹੈ ਕਿ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਰਾਟੇ 'ਚੋਂ ਉਸ ਨੇ ਪੰਜ ਵਾਰ ਸੋਨ ਤਗ਼ਮਾ ਜਿੱਤਿਆ ਹੋਇਆ ਹੈ। ਉਹ ਘਰੋਂ ਬੇਹੱਦ ਗਰੀਬ ਹੈ ਤੇ ਘਰ ਦੀ ਜ਼ਿੰਮੇਵਾਰੀ ਵੀ ਉਸ 'ਤੇ ਹੀ ਹੈ। ਅਜਿਹੇ 'ਚ ਉਸ ਨੂੰ ਸਰਕਾਰੀ ਨੌਕਰੀ ਦੀ ਸਖ਼ਤ ਜ਼ਰੂਰਤ ਹੈ। ਉੱਥੇ ਮੌਜੂਦ ਕੁਝ ਲੋਕਾਂ ਨੇ ਪ੍ਰਿਯੰਕਾ ਨੂੰ ਰੋਂਦੇ ਦੇਖ ਸਰਕਾਰ ਵਿਰੁੱਧ ਨਾਅਰੇਬਾਜ਼ੀ ਜ਼ਰੂਰ ਕੀਤੀ ਪਰ ਕਿਸੇ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ।
ਇਸ ਘਟਨਾ ਤੋਂ ਬਾਅਦ ਹਰਿਆਣਾ ਸਰਕਾਰ ਦੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਨਾਅਰੇ ਦੀ ਵੀ ਸ਼ਰੇਆਮ ਫੂਕ ਨਿਕਲੀ। ਬਾਅਦ 'ਚ ਮੁੱਖ ਮੰਤਰੀ ਦੇ ਦੂਜੇ ਪ੍ਰੋਗਰਾਮ 'ਚ ਪੁੱਜਣ 'ਤੇ ਖਿਡਾਰਨ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਈ ਗਈ।


Related News