ਇੰਗਲੈਂਡ ਵਿਰੁੱਧ ਟੀ-20 ਲੜੀ ’ਚ ਬਿਹਤਰ ਪ੍ਰਦਰਸ਼ਨ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ

Wednesday, Dec 06, 2023 - 01:52 PM (IST)

ਮੁੰਬਈ, (ਭਾਸ਼ਾ)– ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਕੁਝ ਸਮੇਂ ਦੇ ਚੰਗੇ ਪ੍ਰਦਰਸ਼ਨ ਤੋਂ ਪ੍ਰੇਰਣਾ ਲੈ ਕੇ ਇੰਗਲੈਂਡ ਵਿਰੁੱਧ ਦੋ-ਪੱਖੀ ਰਿਕਾਰਡ ਬਿਹਤਰ ਕਰਨ ਦੇ ਇਰਾਦੇ ਨਾਲ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਲੜੀ ਵਿਚ ਉਤਰੇਗੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਭਾਰਤ ਨੇ ਟੀ-20 ਸਵਰੂਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਇਲਾਵਾ ਭਾਰਤ ਨੇ ਬੰਗਲਾਦੇਸ਼ ਵਿਚ 2-1 ਨਾਲ ਜਿੱਤ ਦਰਜ ਕੀਤੀ ਅਤੇ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਰੁੱਧ ਤਿਕੋਣੀ ਲੜੀ ਦੇ ਫਾਈਨਲ ਵਿਚ ਪਹੁੰਚੀ ਸੀ।

ਦੂਜੇ ਪਾਸੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ ਸ਼੍ਰੀਲੰਕਾ ਹੱਥੋਂ 1-2 ਨਾਲ ਮਿਲੀ ਹਾਰ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਉਤਰੇਗੀ। ਦੁਨੀਆ ਦੀ ਚੌਥੇ ਨੰਬਰ ਦੀ ਟੀਮ ਭਾਰਤ ਦਾ ਇੰਗਲੈਂਡ ਵਿਰੁੱਧ ਘਰੇਲੂ ਟੀ-20 ਲੜੀਆਂ ਵਿਚ ਰਿਕਾਰਡ ਖਰਾਬ ਰਿਹਾ ਹੈ। ਮੇਜ਼ਬਾਨ ਟੀਮ ਇਸ ਨੂੰ ਦਰੁਸਤ ਕਰਨ ਦੇ ਇਰਾਦੇ ਨਾਲ ਉਤਰੇਗੀ। ਇੰਗਲੈਂਡ ਵਿਰੁੱਧ ਭਾਰਤ ਵਿਚ 9 ਮੈਚਾਂ ਵਿਚੋਂ ਭਾਰਤ ਨੇ ਸਿਰਫ 2 ਜਿੱਤੇ ਹਨ। ਆਖਰੀ ਜਿੱਤ 5 ਸਾਲ ਪਹਿਲਾਂ ਮਾਰਚ 2018 ਵਿਚ ਮਿਲੀ ਸੀ ਜਦੋਂ ਬ੍ਰੇਬੋਰਨ ਸਟੇਡੀਅਮ ਵਿਚ 8 ਵਿਕਟਾਂ ਨਾਲ ਇੰਗਲੈਂਡ ਨੂੰ ਹਰਾਇਆ ਸੀ। ਇੰਗਲੈਂਡ ਵਿਰੁੱਧ ਹੁਣ ਤਕ ਕੁਲ 27 ਮੈਚਾਂ ਵਿਚੋਂ ਭਾਰਤ ਨੇ ਸਿਰਫ 7 ਮੈਚ ਜਿੱਤੇ ਹਨ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਅਸ਼ਵਿਨ ਵੀ ਚੱਕਰਵਾਤੀ ਤੂਫਾਨ 'ਮਿਗਜੋਮ' ਤੋਂ ਪ੍ਰਭਾਵਿਤ, ਬੋਲੇ-ਪਤਾ ਨਹੀਂ ਕੀ ਵਿਕਲਪ ਬਚਿਆ ਹੈ

ਭਾਰਤੀ ਮਹਿਲਾ ਟੀਮ ਨੇ ਆਖਰੀ ਵਾਰ ਆਪਣੀ ਧਰਤੀ ’ਤੇ ਟੀ-20 ਮੈਚ ਮਾਰਚ 2021 ਵਿਚ ਦੱਖਣੀ ਅਫਰੀਕਾ ਵਿਰੁੱਧ ਲਖਨਊ ਵਿਚ ਜਿੱਤਿਆ ਸੀ। ਉਸ ਤੋਂ ਬਾਅਦ ਤੋਂ ਭਾਰਤ ਆਪਣੇ ਦੇਸ਼ ਵਿਚ 4 ਮੈਚ ਹਾਰ ਚੁੱਕੀ ਹੈ ਤੇ ਇਕ ਟਾਈ ਰਿਹਾ ਹੈ। ਭਾਰਤ ਨੇ ਘਰੇਲੂ ਟੀ-20 ਮੈਚਾਂ ਵਿਚੋਂ ਸਿਰਫ 19 ਜਿੱਤੇ ਹਨ, 30 ਹਾਰੇ ਤੇ 1 ਟਾਈ ਰਿਹਾ ਹੈ। ਭਾਰਤ ਤੇ ਇੰਗਲੈਂਡ ਦੋਵਾਂ ਨੇ ਪਿਛਲੇ ਟੀ-20 ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਅਗਲਾ ਟੂਰਨਾਮੈਂਟ ਸਤੰਬਰ-ਅਕਤੂਬਰ 2024 ਵਿਚ ਹੋਣਾ ਹੈ ਤੇ ਉਸਦੀਆਂ ਤਿਆਰੀਆਂ ਦਾ ਇਹ ਸੁਨਹਿਰਾ ਮੌਕਾ ਹੈ।

ਦੀਪਤੀ ਸ਼ਰਮਾ ਨੇ ਭਾਰਤ ਲਈ 16 ਮੈਚਾਂ ਵਿਚ 19 ਵਿਕਟਾਂ ਲਈਆਂ ਹਨ ਜਦਕਿ ਬੱਲੇਬਾਜ਼ੀ ਵਿਚ ਹਰਮਨਪ੍ਰੀਤ ਕੌਰ ਨੇ 13 ਟੀ-20 ਵਿਚ 323 ਦੌੜਾਂ ਬਣਾਈਆਂ ਹਨ। ਜੇਮਿਮਾ ਰੋਡ੍ਰਿਗੇਜ਼ ਨੇ 16 ਮੈਚਾਂ ਵਿਚ 342 ਦੌੜਾਂ ਬਣਾਈਆਂ ਹਨ ਜਦਕਿ ਸਮ੍ਰਿਤੀ ਮੰਧਾਨਾ ਨੇ 15 ਮੈਚਾਂ ਵਿਚ ਸਭ ਤੋਂ ਵੱਧ 369 ਦੌੜਾਂ ਦਾ ਯੋਗਦਾਨ ਦਿੱਤਾ ਹੈ। ਹਰਮਨਪ੍ਰੀਤ ਨੇ ਬਿੱਗ ਬੈਸ਼ ਲੀਗ ਵਿਚ 14 ਮੈਚਾਂ ਵਿਚ 321 ਦੌੜਾਂ ਬਣਾਈਆਂ ਹਨ।

ਭਾਰਤ ਨੇ ਤਿੰਨ ਨਵੇਂ ਚਿਹਰਿਆਂ ਕਰਨਾਟਕ ਦੀ ਸਪਿਨਰ ਸ਼੍ਰੇਯਾਂਕਾ ਪਾਟਿਲ, ਪੰਜਾਬ ਦੀ ਸਪਿਨਰ ਮੰਨਤ ਕਸ਼ਯਪ ਤੇ ਬੰਗਾਲ ਦੀ ਸਪਿਨਰ ਸਾਇਕਾ ਇਸ਼ਾਕ ਨੂੰ ਮੌਕਾ ਦਿੱਤਾ ਹੈ। ਕਸ਼ਯਪ ਇਸ ਸਾਲ ਦੀ ਸ਼ੁਰੂਆਤ ਵਿਚ ਆਈ. ਸੀ. ਸੀ. ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿਚ ਟੀਮ ਦਾ ਹਿੱਸਾ ਸੀ ਜਦਕਿ ਇਸ਼ਾਕ ਨੇ ਪਹਿਲੀ ਮਹਿਲਾ ਪ੍ਰੀਮੀਅਰ ਲੀਗ ਵਿਚ ਮੁੰਬਈ ਇੰਡੀਅਨਜ਼ ਲਈ 15 ਵਿਕਟਾਂ ਲਈਆਂ। ਸ਼੍ਰੇਯਾਂਕਾ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ 9 ਵਿਕਟਾਂ ਲਈਆਂ ਤੇ ਮਹਿਲਾ ਕੈਰੇਬੀਆਈ ਪ੍ਰੀਮੀਅਰ ਲੀਗ ਵਿਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ।

ਇਹ ਵੀ ਪੜ੍ਹੋ : ਦੀਪਕ ਚਾਹਰ ਦੇ ਪਿਤਾ ਦੀ ਬ੍ਰੇਨ ਸਟ੍ਰੋਕ ਤੋਂ ਬਾਅਦ ਹਾਲਤ ਗੰਭੀਰ, ICU 'ਚ ਦਾਖ਼ਲ

ਇੰਗਲੈਂਡ ਲਈ ਨੈੱਟ ਸਿਕਵਰ ਬ੍ਰੰਟ ਨੇ ਮਹਿਲਾ ਪ੍ਰੀਮੀਅਰ ਲੀਗ ਵਿਚ 332 ਦੌੜਾਂ ਦੇਣ ਤੋਂ ਇਲਾਵਾ 10 ਵਿਕਟਾਂ ਲਈਆਂ ਸਨ। ਉਸ ਨੇ 8 ਟੀ-20 ਕੌਮਾਂਤਰੀ ਮੈਚਾਂ ਵਿਚ 271 ਦੌੜਾਂ ਬਣਾਈਆਂ। ਡੈਨੀ ਵਿਯਾਟ ਨੇ 278 ਦੌੜਾਂ ਬਣਾਈਆਂ ਹਨ ਜਦਕਿ ਸੋਫੀ ਐਕਸੇਲੇਟ ਨੇ 16 ਵਿਕਟਾਂ ਲਈਆਂ।

ਟੀਮਾਂ -

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ, ਰਿਚਾ ਘੋਸ਼, ਅਮਨਜੋਤ ਕੌਰ, ਸ਼੍ਰੇਯਾਂਕਾ ਪਾਟਿਲ, ਮੰਨਤ ਕਸ਼ਯਪ, ਸਾਇਕਾ ਇਸ਼ਾਕ, ਰੇਣੂਕਾ ਸਿੰਘ ਠਾਕੁਰ, ਟਿਟਾਸ ਸਾਧੂ, ਪੂਜਾ ਵਸਤਾਰਕਰ, ਕਨਿਕਾ ਆਹੂਜਾ, ਮੀਨੂੰ ਮਨੀ।

ਇੰਗਲੈਂਡ : ਲੌਰੇਨ ਬੈੱਲ, ਮਾਇਯਾ ਬੂਚਿਯੇਰ, ਐਲਿਸ ਕੈਪਸੀ, ਚਾਰਲੀ ਡੀਨ, ਸੋਫੀਆ ਡੰਕਲੇ, ਸੋਫੀ ਐਕਸੇਲੇਟ, ਮਾਹਿਕਾ ਗੌਰ, ਡੇਨੀਅਲ ਗਿੱਬਸਨ, ਸਾਰਾ ਗਲੇਨ, ਬੇਸ ਹੀਥ, ਐਮੀ ਜੋਂਸ, ਫ੍ਰੇਯਾ ਕੇਂਪ, ਹੀਥਰ ਨਾਈਟ, ਨੈੱਟ ਸਿਕਵਰ ਬ੍ਰੰਟ, ਡੇਨੀਅਲ ਵਿਯਾਟ।


Tarsem Singh

Content Editor

Related News