ਭਾਰਤੀ ਮਹਿਲਾ ਟੀਮ ਅਭਿਆਸ ਮੈਚ ’ਚ ਆਸਟਰੇਲੀਆ ਹੱਥੋਂ 36 ਦੌੜਾਂ ਨਾਲ ਹਾਰੀ

09/19/2021 2:15:48 PM

ਬ੍ਰਿਸਬੇਨ– ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ਨੀਵਾਰ ਨੂੰ ਇੱਥੇ 50 ਓਵਰਾਂ ਦੇ ਅਭਿਆਸ ਮੈਚ ਵਿਚ ਆਸਟਰੇਲੀਆ ਹੱਥੋਂ 36 ਦੌੜਾਂ ਨਾਲ ਹਾਰ ਗਈ, ਜਿਸ ਨਾਲ ਉਸਦੀ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਤਰੀਕੇ ਨਾਲ ਹੋਈ। ਸਲਾਮੀ ਬੱਲੇਬਾਜ਼ ਰਸ਼ੇਲ ਹੇਨਸ (65), ਮੈਗ ਲੇਨਿੰਗ (59) ਤੇ ਬੇਥ ਮੂਨੀ (59) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ, ਜਿਸ ਨਾਲ ਆਸਟਰੇਲੀਆ ਨੇ ਇਯਾਨ ਹੀਲੀ ਓਵਲ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 278 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ।

ਇਸ ਦੇ ਜਵਾਬ ਵਿਚ ਭਾਰਤੀ ਟੀਮ 50 ਓਵਰਾਂ ਵਿਚ 7 ਵਿਕਟਾਂ ’ਤੇ 242 ਦੌੜਾਂ ਹੀ ਬਣਾ ਸਕੀ, ਜਿਸ ਵਿਚ ਪੂਜਾ ਵਸਤਰਕਰ 57 ਦੌੜਾਂ ਦੀ ਪਾਰੀ ਨਾਲ ਟਾਪ ਸਕੋਰਰ ਰਹੀ। ਆਸਟਰੇਲੀਆ ਲਈ ਸਟਾਰ ਆਲਰਾਊਂਡਰ ਐਲਿਸ ਪੈਰੀ (38 ਦੌੜਾਂ ਦੇ ਕੇ 2 ਵਿਕਟਾਂ) ਨੇ ਨਵੀਂ ਗੇਂਦ ਨਾਲ ਗੇਂਦਬਾਜ਼ੀ ਲਈ ਸਫਲ ਵਾਪਸੀ ਕੀਤੀ। ਉਸ ਨੇ 19 ਸਾਲ ਦੀ ਸਟੇਲਾ ਕੈਮਪਬੇਲ (38 ਦੌੜਾਂ ਦੇ ਕੇ 3 ਵਿਕਟਾਂ) ਦੇ ਨਾਲ ਮਿਲ ਕੇ ਸ਼ੁਰੂਆਤੀ 15 ਓਵਰਾਂ ਵਿਚ ਭਾਰਤ ਦੀਆਂ ਦੋ ਵਿਕਟਾਂ ਲਈਆਂ, ਜਿਸ ਨਾਲ ਵਿਰੋਧੀ ਟੀਮ ਦਾ ਸਕੋਰ ਚਾਰ ਵਿਕਟਾਂ ’ਤੇ 88 ਦੌੜਾਂ ਸੀ।

ਪੈਰੀ ਨੇ ਅਨੁਸ਼ਾਸਿਤ ਗੇਂਦਬਾਜ਼ੀ ਕੀਤੀ, ਜਿਸ ਨਾਲ ਉਹ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ (14) ਤੇ ਮਿਤਾਲੀ ਰਾਜ (1) ਦੀਆਂ ਮਹੱਤਵਪੂਰਨ ਵਿਕਟਾਂ ਲੈਣ ਵਿਚ ਸਫਲ ਰਹੀ। ਕੈਮਪਬੇਲ ਨੇ ਸ਼ੈਫਾਲੀ ਵਰਮਾ (27) ਤੇ ਰਿਚਾ ਘੋਸ਼ (11) ਨੂੰ  ਜਲਦ ਹੀ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਭਾਰਤ ਦੀ 21 ਸਾਲ ਦੀ ਯਸਤਿਕਾ ਭਾਟੀਆ (41) ਨੇ ਸ਼ਾਨਦਾਰ ਜਜ਼ਬਾ ਦਿਖਾਇਆ ਤੇ ਡਾਰਸੀ ਬਰਾਊਨ ਦੀਆਂ ਸ਼ਾਰਟ ਗੇਂਦਾਂ ਦੇ ਸਾਹਮਣੇ ਡਟੀ ਰਹੀ। ਹੁਣ ਭਾਰਤ ਦਾ ਸਕੋਰ ਛੇ ਵਿਕਟਾਂ ’ਤੇ 106 ਦੌੜਾਂ ਸੀ। ਵਸਤਰਕਰ ਤੇ ਦੀਪਤੀ ਸ਼ਰਮਾ (ਅਜੇਤੂ 49) ਨੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਜਿੱਤ ਤਕ ਨਹੀਂ ਲੈ ਜਾ ਸਕੀਆਂ। ਹੁਣ ਦੋਵੇਂ ਟੀਮਾਂ ਮੰਗਲਵਾਰ ਨੂੰ ਵਨ ਡੇ ਲੜੀ ਦੇ ਸ਼ੁਰੂਆਤੀ ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ।


Tarsem Singh

Content Editor

Related News