ਰੰਗ-ਬਿਰੰਗੀਆਂ ਗੇਂਦਾਂ ਨਾਲ ਫੀਲਡਿੰਗ ਕਰਦੀ ਦਿਸੀ ਭਾਰਤੀ ਟੀਮ
Sunday, Jun 04, 2023 - 03:14 PM (IST)

ਪੋਰਟਸਮਾਊਥ– ਪਿਛਲੇ ਕੁਝ ਸਾਲ ਵਿਚ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਵਿਚ ਕਈ ਪ੍ਰਯੋਗ ਦੇਖਣ ਨੂੰ ਮਿਲੇ ਹਨ ਤੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਤਿਆਰੀ ਲਈ ਟੀਮ ਰੰਗ-ਬਿਰੰਗੀਆਂ ਰਬੜ ਦੀਆਂ ਗੇਂਦਾਂ ਦਾ ਇਸਤੇਮਾਲ ਕਰ ਰਹੀ ਹੈ ਤਾਂ ਕਿ ਕੈਚਿੰਗ ਦੌਰਾਨ ਆਖਰੀ ਮੌਕੇ ’ਤੇ ਗੇਂਦ ਦਾ ਰੁਖ ਬਦਲਣ ’ਤੇ ਵੀ ਕੈਚ ਫੜਨ ਵਿਚ ਪ੍ਰੇਸ਼ਾਨੀ ਨਾ ਹੋਵੇ। ਇੱਥੇ ਅਭਿਆਸ ਦੌਰਾਨ ਸ਼ੁਭਮਨ ਗਿੱਲ ਨੂੰ ਹਰੀਆਂ ਗੇਂਦਾਂ ਨਾਲ ਕੈਚ ਫੜਦੇ ਦੇਖਿਆ ਗਿਆ। ਪੀਲੇ ਰੰਗ ਦੀ ਵੀ ਗੇਂਦ ਸੀ ਪਰ ਲਾਨ ਟੈਨਿਸ ਗੇਂਦ ਨਹੀਂ ਸੀ, ਜਿਹੜੀ ਆਮ ਤੌਰ ’ਤੇ ਵਿਕਟਕੀਪਰ ਤੇ ਨੇੜਲੇ ਫੀਲਡਰਾਂ ਦੇ ਅਭਿਆਸ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਐੱਨ. ਸੀ. ਏ. ਲਈ ਕੰਮ ਕਰ ਚੁੱਕੇ ਮਸ਼ਹੂਰ ਫੀਲਡਿੰਗ ਕੋਚ ਨੇ ਦੱਸਿਆ, ‘‘ਇਹ ਖਾਸ ਤੌਰ ’ਤੇ ਬਣਾਈ ਗਈ ਰਬੜ ਗੇਂਦ ਹੈ, ਉਹ ਨਹੀਂ ਜਿਹੜੀ ਗਲੀ ਕ੍ਰਿਕਟ ਵਿਚ ਇਸਤੇਮਾਲ ਹੁੰਦੀ ਹੈ। ਇਨ੍ਹਾਂ ਨੂੰ ‘ਰੀਐਕਸ਼ਨ ਗੇਂਦ’ ਕਹਿੰਦੇ ਹਨ ਤੇ ਇਹ ਇੰਗਲੈਂਡ ਜਾਂ ਨਿਊਜ਼ੀਲੈਂਡ ਵਰਗੇ ਕੁਝ ਖਾਸ ਦੇਸ਼ਾਂ ਵਿਚ ਅਭਿਆਸ ਲਈ ਇਸਤੇਮਾਲ ਕੀਤੀ ਜਾਂਦੀ ਹੈ, ਜਿੱਥੇ ਠੰਡੀ ਹਵਾ ਤੇ ਠੰਡਾ ਮੌਸਮ ਹੁੰਦਾ ਹੈ।’’
ਹਰੀ ਗੇਂਦ ਦੀ ਅਹਿਮੀਅਤ ਦੇ ਬਾਰੇ ਵਿਚ ਪੁੱਛਣ ’ਤੇ ਉਸ ਨੇ ਕਿਹਾ,‘‘ਕਿਸੇ ਖਾਸ ਰੰਗ ਦਾ ਕੋਈ ਵਿਗਿਆਨਿਕ ਜਾਂ ਕ੍ਰਿਕਟ ਕਾਰਨ ਨਹੀਂ ਹੈ ਪਰ ਸਲਿੱਪ ਵਿਚ ਫੀਲਡਰਾਂ ਤੇ ਵਿਕਟਕੀਪਰ ਲਈ ਰਬੜ ਦੀ ਗੇਂਦ ਖਾਸ ਤੌਰ ’ਤੇ ਕੈਚਿੰਗ ਲਈ ਪ੍ਰਯੋਗ ਕੀਤੀ ਜਾਂਦੀ ਹੈ।’’ ਉਸ ਨੇ ਕਿਹਾ,‘‘ਇੰਗਲੈਂਡ ਇਕਲੌਤਾ ਦੇਸ਼ ਹੈ ਤੇ ਕੁਝ ਹੱਦ ਤਕ ਨਿਊਜ਼ੀਲੈਂਡ ਵਿਚ ਵੀ ਗੇਂਦ ਬੱਲੇਬਾਜ਼ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਰੁਖ ਬਦਲ ਲੈਂਦੀ ਹੈ, ਜਿਸ ਨਾਲ ਕੈਚ ਫੜਨਾ ਮੁਸ਼ਕਿਲ ਹੋ ਜਾਂਦਾ ਹੈ। ਡਿਊਕ ਗੇਂਦ ਹੋਰ ਵੀ ਡਗਮਗਾਉਂਦੀ ਹੈ, ਇਸ ਲਈ ਰਬੜ ਦੀਆਂ ਗੇਂਦਾਂ ਨਾਲ ਅਭਿਆਸ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਵਧੇਰੇ ਸਵਿੰਗ ਲੈਂਦੀਆਂ ਹਨ ਜਾਂ ਡਗਮਗਾਉਂਦੀਆਂ ਹਨ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।