UAE ਦੀ ਜਿੱਤ ਨਾਲ ਜਾਗੀ ਨੀਦਰਲੈਂਡ ਦੀ ਕਿਸਮਤ, ਨਾਮੀਬੀਆ ਦੇ ਧਾਕੜਾਂ ਨੇ ਵਹਾਏ ਹੰਝੂ

Thursday, Oct 20, 2022 - 07:03 PM (IST)

UAE ਦੀ ਜਿੱਤ ਨਾਲ ਜਾਗੀ ਨੀਦਰਲੈਂਡ ਦੀ ਕਿਸਮਤ, ਨਾਮੀਬੀਆ ਦੇ ਧਾਕੜਾਂ ਨੇ ਵਹਾਏ ਹੰਝੂ

ਜੀਲਾਂਗ- ਡੇਵਿਡ ਵੀਜ਼ੇ (55) ਦੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਬਾਵਜੂਦ ਯੂਏਈ (ਸੰਯੁਕਤ ਅਰਬ ਅਮੀਰਾਤ) ਨੇ ਵੀਰਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਰੋਮਾਂਚਕ ਮੁਕਾਬਲੇ ਵਿੱਚ ਨਾਮੀਬੀਆ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਯੂਏਈ ਨੇ ਗਰੁੱਪ-ਏ ਦੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਵਸੀਮ (50) ਦੇ ਅਰਧ ਸੈਂਕੜੇ ਅਤੇ ਸੀਪੀ ਰਿਜ਼ਵਾਨ ਦੀਆਂ ਅਜੇਤੂ 43 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। 

ਇਹ ਵੀ ਪੜ੍ਹੋ : B'day Special : ਟੈਸਟ 'ਚ ਤਿਹਰਾ ਸੈਂਕੜਾ ਜੜਨ ਵਾਲੇ ਵਰਿੰਦਰ ਸਹਿਵਾਗ ਦੇ ਕ੍ਰਿਕਟ ਰਿਕਾਰਡਾਂ 'ਤੇ ਇਕ ਝਾਤ

ਜਵਾਬ 'ਚ ਨਾਮੀਬੀਆ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਨਾਮੀਬੀਆ ਨੇ 69 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਨੂੰ ਸੱਤ ਓਵਰਾਂ 'ਚ 80 ਦੌੜਾਂ ਦੀ ਲੋੜ ਸੀ। ਵੀਜ਼ੇ ਨੇ 36 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਅਤੇ ਰੂਬੇਨ ਟਰੰਪਮੈਨ (25) ਨਾਲ ਅੱਠਵੀਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਟੀਮ ਨੂੰ ਟੀਚੇ ਤੱਕ ਨਹੀਂ ਪਹੁੰਚਾ ਸਕੇ।

ਇਹ ਵੀ ਪੜ੍ਹੋ : ਪਲਕਪ੍ਰੀਤ ਕੌਰ ਨੇ ਪਾਵਰ ਲਿਫਟਿੰਗ 'ਚ 100kg ਭਾਰ ਚੁੱਕ ਕੇ ਪੰਜਾਬ 'ਚ ਪਹਿਲਾ ਸਥਾਨ ਕੀਤਾ ਹਾਸਲ 

ਨਾਮੀਬੀਆ ਨੂੰ ਆਖਰੀ ਓਵਰ 'ਚ 14 ਦੌੜਾਂ ਦੀ ਲੋੜ ਸੀ ਪਰ ਓਵਰ ਦੀ ਚੌਥੀ ਗੇਂਦ 'ਤੇ ਵੀਜ਼ੇ ਆਊਟ ਹੋ ਗਿਆ ਅਤੇ ਉਸ ਦੀ ਟੀਮ ਟੀਚੇ ਤੋਂ ਸੱਤ ਦੌੜਾਂ ਪਿੱਛੇ ਰਹਿ ਗਈ। ਯੂਏਈ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਜਦਕਿ ਯੂਏਈ ਦੀ ਜਿੱਤ ਨਾਲ ਨੀਦਰਲੈਂਡ ਨੇ ਟੀ20 ਵਿਸ਼ਵ ਕੱਪ ਦੇ ਸੁਪਰ-12 'ਚ ਪ੍ਰਵੇਸ਼ ਕਰ ਲਿਆ ਹੈ। ਗਰੁੱਪ-ਏ 'ਚ ਚੋਟੀ ਦੀ ਟੀਮ ਸ਼੍ਰੀਲੰਕਾ ਪਹਿਲਾਂ ਹੀ ਅਗਲੇ ਦੌਰ ਲਈ ਕੁਆਲੀਫਾਈ ਕਰ ਚੁੱਕੀ ਹੈ, ਜਦਕਿ ਇਸ ਸਾਲ ਦੇ ਟੂਰਨਾਮੈਂਟ 'ਚ ਯੂਏਈ ਅਤੇ ਨਾਮੀਬੀਆ ਦਾ ਸਫਰ ਖਤਮ ਹੋ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Tarsem Singh

Content Editor

Related News