ਬਲਬੀਰ ਸਿੰਘ ਸੀਨੀਅਰ ਦੀਆਂ ਗੁਆਚੀਆਂ ਯਾਦਗਾਰ ਚੀਜ਼ਾਂ ਨੂੰ ਅਜੇ ਵੀ ਭਾਲ ਰਿਹੈ ਪਰਿਵਾਰ

07/25/2022 12:58:15 PM

ਚੰਡੀਗੜ੍ਹ, (ਭਾਸ਼ਾ)- ਧਾਕੜ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਇਕ ਵਾਰ ਆਪਣੀਆਂ ਗੁਆਚੀਆਂ ਹੋਈਆਂ ਯਾਦਗਾਰ ਚੀਜ਼ਾਂ ਦੇ ਬਾਰੇ ਵਿਚ ਕਿਹਾ ਸੀ ਕਿ ਬੁਡਾਪੇ ਵਿਚ ਤੁਸੀਂ ਆਪਣੀ ਜ਼ਿੰਦਗੀ ਵਿਚ ਹਾਸਲ ਕੀਤੀਆਂ ਗਈਆਂ ਉਪਲਬੱਧੀਆਂ ਨੂੰ ਦੇਖ ਕੇ ਖੁਸ਼ ਹੋਣਾ ਚਾਹੁੰਦੇ ਹੋ। ਪਿਛਲੇ 10 ਸਾਲ ਤੋਂ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਗੁਆਚੀਆਂ ਹੋਈਆਂ ਚੀਜ਼ਾਂ ਨੂੰ ਹਾਸਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ। ਇਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਨੇ 1985 ਵਿਚ ਭਾਰਤੀ ਖੇਡ ਅਥਾਰਟੀ (ਸਾਈ) ਨੂੰ ਦਾਨ ਕੀਤਾ ਸੀ। ਆਪਣੇ ਸ਼ਾਨਦਾਰ ਕਰੀਅਰ ਵਿਚ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਟੀਮ ਦਾ ਹਿੱਸਾ ਰਹੇ ਬਲਬੀਰ ਸਿੰਘ ਸੀਨੀਅਰ ਭਾਰਤ ਦੇ ਮਹਾਨ ਹਾਕੀ ਖਿਡਾਰੀਆਂ ਵਿਚ ਸ਼ਾਮਲ ਰਹੇ। ਉਨ੍ਹਾਂ ਦਾ ਮਈ 2020 ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀਆਂ ਗੁਆਚੀਆਂ ਯਾਦਗਾਰ ਚੀਜ਼ਾਂ ਵਿਚ ਓਲੰਪਿਕ ਬਲੇਜਰ, ਤਮਗ਼ੇ ਤੇ ਦੁਰਲੱਭ ਤਸਵੀਰਾਂ ਸ਼ਾਮਲ ਹਨ।

ਇਹ ਵੀ ਪੜ੍ਹੋ : IND vs WI 2nd ODI : ਭਾਰਤ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼

ਬਲਬੀਰ ਸਿੰਘ ਸੀਨੀਅਰ ਨੇ ਪ੍ਰਸਤਾਵਿਤ ਮਿਊਜ਼ੀਅਮ ਦੇ ਲਈ ਸਾਈ ਨੂੰ ਇਹ ਚੀਜ਼ਾਂ ਦਾਨ ਕੀਤੀਆਂ ਸਨ ਪਰ ਇਹ ਮਿਊਜ਼ੀਅਮ ਕਦੇ ਬਣਿਆ ਹੀ ਨਹੀਂ। ਬਲਬੀਰ ਸਿੰਘ ਦੇ ਦੋਹਤੇ ਕਬੀਰ ਨੇ ਐਤਵਾਰ ਨੂੰ ਇੱਥੇ ਕਿਹਾ,‘‘ਉਹ ਆਪਣੇ ਨੁਕਸਾਨ ਦੇ ਦਰਦ ਦੀ ਤੁਲਨਾ ਪਰਿਵਾਰ ਦੇ ਕਿਸੇ ਕਰੀਬੀ ਮੈਂਬਰ ਦੇ ਦਿਹਾਂਤ ਨਾਲ ਕਰਦੇ ਸਨ।’’ ਉਨ੍ਹਾਂ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਪਿਛਲੇ 10 ਸਾਲ  ਵਿਚ ਪਰਿਵਾਰ ਨੇ ਇਸ ਧਾਕੜ ਹਾਕੀ ਖਿਡਾਰੀ ਦੀਆਂ ਗੁਆਚੀਆਂ ਹੋਈਆਂ ਚੀਜ਼ਾਂ ਨੂੰ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡੀ।
 
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਚੀਜ਼ਾਂ ਦੇ ਗਾਇਬ ਹੋਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਓਲੰਪਿਕ ਮਿਊਜ਼ੀਅਮ ਨੇ ਮੈਲਬੋਰਨ ਖੇਡਾਂ ਦੇ ਬਲੇਜਰ ਨੂੰ ਅਧਿਕਾਰਤ 2012 ਲੰਡਨ ਓਲੰਪਿਕ ਪ੍ਰਦਰਸ਼ਨੀ ਦਾ ਹਿੱਸਾ ਬਣਾਉਣਾ ਚਾਹਿਆ। ਉੱਥੇ ਉਨ੍ਹਾਂ ਨੂੰ ਆਧੁਨਿਕ ਓਲੰਪਿਕ ਦੇ 116 ਸਾਲਾਂ ਦੇ ਇਤਿਹਾਸ ਵਿਚ ਸਾਰੀਆਂ ਖੇਡਾਂ ਵਿਚ 16 ਓਲੰਪਿਕ ਆਈਕਨ ਵਿਚੋਂ ਇਕ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ ਸੀ। ਕਬੀਰ ਨੇ ਕਿਹਾ,‘‘ਉਸ ਸਮੇਂ ਅਸੀਂ ਉਸ ਬਲੇਜਰ ਨੂੰ ਲੈਣ ਲਈ ਸਾਈ ਨਾਲ ਸੰਪਰਕ ਕੀਤਾ ਕਿਉਂਕਿ ਨਾਨਾਜੀ (ਬਲਬੀਰ ਸੀਨੀਅਰ) ਕੋਲ ਲੰਡਨ ਵਿਚ ਓਲੰਪਿਕ ਤਮਗੇ ਤੋਂ ਇਲਾਵਾ ਕੁਝ ਵੀ ਨਹੀਂ ਸੀ ਪਰ ਸਾਈ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੇ ਬਾਰੇ ਵਿਚ ਪਤਾ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਇਹ ਚੀਜ਼ਾਂ ਸਾਡੀ ਰਾਸ਼ਟਰੀ ਖੇਡ ਵਿਰਾਸਤ ਦਾ ਹਿੱਸਾ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦੇ ਇਕ ਗਰੁੱਪ ਨੇ ਨਵੀਂ ਦਿੱਲੀ ਵਿਚ ਸਾਈ ਦਫਤਰ ਤੇ ਪਟਿਆਲਾ ਵਿਚ ਰਾਸ਼ਟਰੀ ਖੇਡ ਸੰਸਥਾਨ (ਐੱਨ. ਆਈ. ਐੱਸ.) ਵਿਚ ਕਈ ਆਰ. ਟੀ. ਆਈ.(ਸੂਚਨਾ ਦਾ ਅਧਿਕਾਰ ਪਟੀਸ਼ਨ) ਦਾਇਰ ਕੀਤੀਆਂ, ਜਿਨ੍ਹਾਂ ਵਿਚ ਖੁਲਾਸਾ ਹੋਇਆ ਕਿ ਇਨ੍ਹਾਂ ਕੇਂਦਰਾਂ ਨੂੰ ਅਸਲ ਵਿਚ ਬਲਬੀਰ ਸਿੰਘ ਸੀਨੀਅਰ ਤੋਂ ਇਹ ਚੀਜ਼ਾਂ ਮਿਲੀਆਂ ਸਨ। ਕਬੀਰ ਨੇ ਕਿਹਾ,‘‘ਸਾਡੇ ਕੋਲ ਅਖਬਾਰਾਂ ਦੀਆਂ ਮੂਲ ਖਬਰਾਂ ਵੀ ਹਨ, ਜਿਨ੍ਹਾਂ ਵਿਚ 1958 ਵਿਚ ਇਹ ਚੀਜ਼ਾਂ ਸੌਂਪਣ ਦੀਆਂ ਤਸਵੀਰਾਂ ਵੀ ਛਪੀਆਂ ਹਨ। ਜੇਕਰ ਸਾਡੇ ਕੋਲ ਇਹ ਨਾ ਹੁੰਦੀਆਂ ਤਾਂ ਉਹ ਇਸ ਗੱਲ ਤੋਂ ਇਨਕਾਰ ਕਰਦੇ ਰਹਿੰਦੇ ਕਿ ਸਾਡੇ ਦੇਸ਼ ਦੇ ਖੇਡ ਇਤਿਹਾਸ ਦੇ ਇਸ ਖਜ਼ਾਨੇ ਨੂੰ ਕਦੇ ਉਨ੍ਹਾਂ ਨੂੰ ਦਿੱਤਾ ਗਿਆ ਸੀ।’’

ਕਬੀਰ ਨੇ ਕਿਹਾ ਕਿ ਇਸ ਧਾਕੜ ਹਾਕੀ ਖਿਡਾਰੀ ਦੇ ਦਿਹਾਂਤ ਤੋਂ ਬਾਅਦ ਵੱਖ-ਵੱਖ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਐੱਨ. ਆਈ. ਐੱਸ. ਨੇ ਪਟਿਆਲਾ ਦੇ ਸਿਵਲ ਲਾਈਨਜ਼ ਪੁਲਸ ਥਾਣੇ ਵਿਚ ਤਿੰਨ ਸਾਲ ਪਹਿਲਾਂ ਐੱਫ. ਆਈ. ਆਰ. ਦਰਜ ਕਰਵਾਈ। ਇਸ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਵੀ ਗਠਨ ਕੀਤਾ ਗਿਆ ਪਰ ਅਜੇ ਤਕ ਇਸ ਮਾਮਲੇ ਵਿਚ ਕੋਈ ਤਰੱਕੀ ਨਹੀਂ ਹੋਈ। 

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਜਿੱਤਣ ਤੋਂ ਬਾਅਦ ਬੋਲੇ ਨੀਰਜ- ਅਗਲੇ ਸਾਲ ਸੋਨਾ ਜਿੱਤਣ ਦੀ ਕੋਸ਼ਿਸ਼ ਕਰਾਂਗਾ

ਕਬੀਰ ਨੇ ਕਿਹਾ,‘‘ਸਤੰਬਰ 2021 ਵਿਚ ਐੱਸ. ਆਈ. ਟੀ. ਦੇ ਗਠਨ ਤੋਂ ਬਾਅਦ ਤੋਂ ਕੋਈ ਚੰਗੀ ਖਬਰ ਨਹੀਂ ਮਿਲੀ। ਸਾਡੇ ਬਿਆਨ ਲੈਣ ਲਈ ਵੀ ਅਜੇ ਤਕ ਕੋਈ ਚੰਡੀਗੜ੍ਹ ਵਿਚ ਸਾਡੇ ਘਰ ਤਕ ਨਹੀਂ ਆਇਆ। ਇਹ ਬੇਹੱਦ ਨਿਰਾਸ਼ ਕਰਨ ਵਾਲਾ ਹੈ ਪਰ ਮੈਂ ਹਾਰ ਨਹੀਂ ਮੰਨਾਗਾਂ।’’ ਕਬੀਰ ਨੇ ਕਿਹਾ ਕਿ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਕਾਤ ਦੀ ਅਪੀਲ ਕੀਤੀ ਹੈ, ਜਿਸ ਨਾਲ ਕਿ ਸਮੇਂ ਸਿਰ ਜਾਂਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News