ਬੈਂਗਲੁਰੂ ਬੁਲਸ ਤੇ ਯੂ ਮੁੰਬਾ ਦੇ ਮੈਚ ਤੋਂ ਸ਼ੁਰੂ ਹੋਵੇਗਾ ਪ੍ਰੋ ਕਬੱਡੀ ਲੀਗ ਦਾ ਅੱਠਵਾਂ ਸੈਸ਼ਨ

Tuesday, Dec 21, 2021 - 04:05 PM (IST)

ਬੈਂਗਲੁਰੂ ਬੁਲਸ ਤੇ ਯੂ ਮੁੰਬਾ ਦੇ ਮੈਚ ਤੋਂ ਸ਼ੁਰੂ ਹੋਵੇਗਾ ਪ੍ਰੋ ਕਬੱਡੀ ਲੀਗ ਦਾ ਅੱਠਵਾਂ ਸੈਸ਼ਨ

ਬੈਂਗਲੁਰੂ- ਕੋਰੋਨਾ ਮਹਾਮਾਰੀ ਦੇ ਖ਼ਤਰੇ ਦੇ ਕਾਰਨ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਅੱਠਵੇਂ ਸੈਸ਼ਨ ਦਾ ਆਯੋਜਨ ਇਕ ਹੀ ਸਥਾਨ 'ਤੇ ਬਾਇਓ-ਬਬਲ (ਜੈਵ ਸੁਰੱਖਿਅਤ ਮਾਹੌਲ) 'ਚ ਇੱਥੇ ਬੁੱਧਵਾਰ ਤੋਂ ਹੋਵੇਗਾ, ਜਿੱਥੇ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। 12 ਟੀਮਾਂ ਵਾਲੀ ਲੀਗ ਦਾ ਆਯੋਜਨ ਸਾਬਕਾ ਚੈਂਪੀਅਨ ਯੂ ਮੁੰਬਾ ਤੇ ਬੈਂਗਲੁਰੂ ਬੁਲਸ ਦੇ ਮੈਚ ਨਾਲ ਹੋਵੇਗਾ ਜਦਕਿ ਦਿਨ ਦੇ ਦੂਜੇ ਮੁਕਾਬਲੇ 'ਚ ਤੇਲੁਗੂ ਟਾਈਟਨਸ ਦਾ ਸਾਹਮਣਾ ਤਮਿਲ ਥਲਾਈਵਾਜ਼ ਨਾਲ ਹੋਵੇਗਾ। ਇਸ ਸੈਸ਼ਨ 'ਚ ਸ਼ੁਰੂਆਤੀ ਚਾਰ ਦਿਨ ਤੇ ਫਿਰ ਹਰ ਸ਼ਨੀਵਾਰ ਤਿੰਨ-ਤਿੰਨ ਮੈਚ ਖੇਡੇ ਜਾਣਗੇ। ਬੁੱਧਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਮੈਚ 'ਚ ਸਾਬਕਾ ਚੈਂਪੀਅਨ ਬੰਗਾਲ ਵਾਰੀਅਰਸ ਦੇ ਸਾਹਮਣੇ ਯੂ. ਪੀ. ਯੋਧਾ ਦੀ ਚੁਣੌਤੀ ਹੋਵੇਗੀ।

ਸਤਵੇਂ ਸੀਜ਼ਨ ਦੇ ਚੋਟੀ ਦੇ ਸਕੋਰਰ ਪਵਨ ਕੁਮਾਰ ਸੇਹਰਾਵਤ ਬੈਂਗਲੁਰੂ ਬੁਲਸ ਨੂੰ ਯੁਵਾ ਖਿਡਾਰੀਆਂ ਨਾਲ ਸਜੀ ਯੂ ਮੁੰਬਾ ਦੇ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਬੈਂਗਲੁਰੂ ਦੀ ਟੀਮ 'ਚ ਪਿਛਲੇ ਸੈਸ਼ਨ 'ਚ ਦਬੰਗ ਦਿੱਲੀ ਲਈ ਪ੍ਰਭਾਵਿਤ ਕਰਨ ਵਾਲੇ ਚੰਦਰਨ ਰੰਜੀਤ ਵੀ ਹਨ। ਯੂ ਮੁੰਬਾ ਦੀਆਂ ਉਮੀਦਾਂ ਫ਼ਜ਼ਲ ਅਤ੍ਰਾਚਲੀ ਦੀ ਅਗਵਾਈ 'ਚ ਡਿਫੈਂਸ ਤੋਂ ਬਿਹਤਰ ਪ੍ਰਦਰਸ਼ਨ 'ਤੇ ਟਿਕੀਆਂ ਹੋਣਗੀਆਂ। ਰੇਡਰ ਅਭਿਸ਼ੇਕ ਤੇ ਅਜੀਤ ਦੀ ਯੁਵਾ ਜੋੜੀ ਵਿਰੋਧੀ ਟੀਮ ਦੇ ਤਜਰਬੇਕਾਰ ਡਿਫੈਂਸ 'ਤੇ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰੇਗੀ।

ਦੂਜੇ ਮੈਚ 'ਚ ਤੇਲੁਗੂ ਟਾਈਟਨਸ ਦੀਆਂ ਉਮੀਦਾਂ ਸਿਧਾਰਥ ਦੇਸਾਈ ਤੇ ਰੋਹਿਤ ਕੁਮਾਰ ਦੀ ਤਜਰਬੇਕਾਰ ਰੇਡਿੰਗ ਜੋੜੀ 'ਤੇ ਟਿਕੀਆਂ ਹੋਣਗੀਆਂ। ਤਮਿਲ ਥਲਾਈਵਾਜ ਦੇ ਡਿਫ਼ੈਂਸ 'ਚ ਹਾਲਾਂਕਿ ਉਨ੍ਹਾਂ ਦਾ ਇੰਤਜ਼ਾਰ 'ਬਲਾਕ ਮਾਸਟਰ' ਸੁਰਜੀਤ ਕਰਨਗੇ ਜਿਨ੍ਹਾਂ ਕੋਲ ਪੀ. ਕੇ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ (116) ਸਫਲ ਬਲਾਕ ਹਨ। ਸਾਬਕਾ ਚੈਂਪੀਅਨ ਬੰਗਾਲ ਵਾਰੀਅਰਸ ਆਪਣੀ ਮੁਹਿੰਮ ਦੀ ਸ਼ੁਰੂਆਤ ਯੂ. ਪੀ. ਯੋਧਾ ਦੀ ਮਜ਼ਬੂਤ ਟੀਮ ਦੇ ਖ਼ਿਲਾਫ਼ ਕਰੇਗੀ। ਯੂ. ਪੀ. ਦੀ ਟੀਮ ਪੰਜਵੇਂ ਸੈਸ਼ਨ 'ਚ ਲੀਗ 'ਚ ਸ਼ਾਮਲ ਹੋਣ ਤੋਂ ਬਾਅਦ ਹਰ ਵਾਰ ਪਲੇਅ ਆਫ਼ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਹੈ। ਇਸ ਵਾਰ ਵੀ ਨਿਲਾਮੀ 'ਚ ਟੀਮ ਨੇ ਪੀ. ਕੇ. ਐੱਲ. ਦੇ ਸਭ ਤੋਂ ਮੰਗ ਵਾਲੇ ਰੇਡਰ ਪ੍ਰਦੀਪ ਨਰਵਾਲ ਨੂੰ ਆਪਣੇ ਨਾਲ ਜੋੜਿਆ ਹੈ।


author

Tarsem Singh

Content Editor

Related News