WTC ਫਾਈਨਲ ਲਈ ਇਸ ਤਰ੍ਹਾਂ ਦੀ ਪਿੱਚ ਬਣਾਉਣਾ ਚਾਹੁੰਦੈ ਕਿਊਰੇਟਰ ਸਾਈਮਨ ਲੀ

Monday, Jun 14, 2021 - 12:05 PM (IST)

WTC ਫਾਈਨਲ ਲਈ ਇਸ ਤਰ੍ਹਾਂ ਦੀ ਪਿੱਚ ਬਣਾਉਣਾ ਚਾਹੁੰਦੈ ਕਿਊਰੇਟਰ ਸਾਈਮਨ ਲੀ

ਸਪੋਰਟਸ ਡੈਸਕ : ਸਾਊਥੰਪਟਨ ਦੇ ਮੁੱਖ ਕਿਊਰੇਟਰ ਸਾਈਮਨ ਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਲਈ ਇਕ ਤੇਜ਼ ਤੇ ਉਛਾਲ ਵਾਲੀ ਪਿੱਚ ਤਿਆਰ ਕਰਨਾ ਚਾਹੁੰਦਾ ਹੈ, ਜੋ ਬਾਅਦ ’ਚ ਸਪਿਨਰਾਂ ਦੀ ਮਦਦ ਕਰੇਗੀ। ਡਬਲਯੂ. ਟੀ. ਸੀ. ਦਾ ਫਾਈਨਲ ਮੈਚ 18 ਜੂਨ ਤੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਲੀ ਨੇ ਈਐੱਸਪੀਐੱਨਕ੍ਰਿਕਇਨਫੋ ਨੂੰ ਦੱਸਿਆ, “ਇਸ ਟੈਸਟ ਲਈ ਪਿੱਚ ਤਿਆਰ ਕਰਨਾ ਥੋੜ੍ਹਾ ਸੌਖਾ ਹੈ ਕਿਉਂਕਿ ਇਹ ਇਕ ਨਿਰਪੱਖ ਸਥਾਨ ਹੈ, ਸਾਨੂੰ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਪਰ ਅਸੀਂ ਇਕ ਚੰਗੀ ਪਿੱਚ ਤਿਆਰ ਕਰਨਾ ਚਾਹੁੰਦੇ ਹਾਂ, ਜਿਸ ਵਿਚ ਦੋਵਾਂ ਟੀਮਾਂ ਵਿਚਕਾਰ ਬਰਾਬਰ ਮੁਕਾਬਲਾ ਹੋਣਾ ਚਾਹੀਦਾ ਹੈ।’’

ਉਸ ਨੇ ਕਿਹਾ, “ਵਿਅਕਤੀਗਤ ਤੌਰ ’ਤੇ ਮੈਂ ਇੱਕ ਪਿੱਚ ਤਿਆਰ ਕਰਨਾ ਚਾਹੁੰਦਾ ਹਾਂ, ਜਿਸ ’ਚ ਗਤੀ ਅਤੇ ਉਛਾਲ ਹੋਵੇ। ਇੰਗਲੈਂਡ ’ਚ ਅਜਿਹਾ ਕਰਨਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਸਮਾਂ ਮੌਸਮ ਸਹਿਯੋਗ ਨਹੀਂ ਦਿੰਦਾ ਪਰ ਇਸ ਮੈਚ ਦੀ ਭਵਿੱਖਬਾਣੀ ਚੰਗੀ ਹੈ। ਇਥੇ ਧੁੱਪ ਰਹੇਗੀ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਇਹ ਤੇਜ਼ ਰਹੇਗੀ ਅਤੇ ਇਹ ਇਕ ਮੁਸ਼ਕਿਲ ਪਿੱਚ ਹੋਵੇਗੀ, ਜੇ ਅਸੀਂ ਜ਼ਿਆਦਾ ਰੋਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਤੇਜ਼ੀ ਲਾਲ ਗੇਂਦ ਦੀ ਕ੍ਰਿਕਟ ਨੂੰ ਰੋਮਾਂਚਕ ਬਣਾਉਂਦੀ ਹੈ। ਮੈਂ ਕ੍ਰਿਕਟ ਦਾ ਪ੍ਰਸ਼ੰਸਕ ਹਾਂ ਅਤੇ ਮੈਂ ਇਕ ਅਜਿਹੀ ਪਿੱਚ ਬਣਾਉਣਾ ਚਾਹੁੰਦਾ ਹਾਂ, ਜਿਸ ਵਿਚ ਕ੍ਰਿਕਟ ਪ੍ਰੇਮੀ ਹਰ ਗੇਂਦ ਨੂੰ ਵੇਖਣਾ ਚਾਹੁੰਦਾ ਹੋਵੇ, ਚਾਹੇ ਇਹ ਵਧੀਆ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ। ਲੀ ਨੇ ਕਿਹਾ, “ਜੇਕਰ ਗੇਂਦਬਾਜ਼ ਅਤੇ ਬੱਲੇਬਾਜ਼ ’ਚ ਕੁਸ਼ਲਤਾ ਦੀ ਲੜਾਈ ਹੁੰਦੀ ਹੈ ਤਾਂ ਇਕ ਮੇਡਨ ਓਵਰ ਬਹੁਤ ਹੀ ਦਿਲਚਸਪ ਹੋ ਸਕਦਾ ਹੈ।

ਇਸ ਲਈ ਜੇ ਪਿੱਚ ਥੋੜ੍ਹੀ ਜਿਹੀ ਗਤੀ ਅਤੇ ਉਛਾਲ ਦਿੰਦੀ ਹੈ ਪਰ ਬਹੁਤ ਜ਼ਿਆਦਾ ਇਕਪਾਸੜ ਮੂਵਮੈਂਟ ਨਹੀਂ ਦਿੰਦੀ ਤਾਂ ਮੈਂ ਖੁਸ਼ ਹੋਵਾਂਗਾ। ਸਪਿਨ ਵਿਭਾਗ ’ਚ ਭਾਰਤ ਦਾ ਪੱਲੜਾ ਭਾਰੀ ਹੈ। ਉਸ ਕੋਲ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਤੌਰ ’ਤੇ ਦੋ ਵਿਸ਼ਵ ਪੱਧਰੀ ਸਪਿਨਰ ਹਨ। ਲੀ ਨੇ ਕਿਹਾ ਕਿ ਮੈਚ ਅੱਗੇ ਵਧਦਿਆਂ ਸਪਿਨਰਾਂ ਦੀ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਮੈਂ ਕਿਹਾ ਕਿ ਮੌਸਮ ਦੀ ਭਵਿੱਖਬਾਣੀ ਵਧੀਆ ਹੈ ਅਤੇ ਇਥੇ ਪਿੱਚਾਂ ਬਹੁਤ ਜਲਦੀ ਸੁੱਕ ਜਾਂਦੀਆਂ ਹਨ ਕਿਉਂਕਿ ਮਿੱਟੀ ’ਚ ਥੋੜ੍ਹੀ ਬੱਜਰੀ ਵੀ ਹੈ। ਇਸ ਨਾਲ ਸਪਿਨ ਹਾਸਲ ਕਰਨ ’ਚ ਵੀ ਮਦਦ ਮਿਲਦੀ ਹੈ।


author

Manoj

Content Editor

Related News