ਆਮ ਜਨਤਾ ਤਾਂ ਇਨ੍ਹਾਂ ਝਮੇਲਿਆਂ ''ਚ ਫਸੀ ਰਹਿੰਦੀ ਹੈ ਪਰ ਹੁਣ ਕੋਹਲੀ ਵੀ ਫਸ ਗਏ
Saturday, Mar 10, 2018 - 04:27 PM (IST)

ਨਵੀਂ ਦਿੱਲੀ (ਬਿਊਰੋ)— ਲੋਕ ਸਭਾ ਉਪ-ਚੋਣਾਂ ਨੂੰ ਲੈ ਕੇ ਤਿਆਰ ਵੋਟਰ ਸੂਚੀ 'ਚ ਕਈ ਤਰ੍ਹਾਂ ਦੀਆਂ ਗਲਤੀਆਂ ਆਮ ਜਨਤਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ। ਹੁਣ ਲਾਪਰਵਾਹੀ ਇੰਨੀ ਵਧ ਗਈ ਹੈ ਕਿ ਆਮ ਜਨਤਾ ਦੇ ਨਾਲ ਕ੍ਰਿਕਟ ਸਟਾਰ ਵਿਰਾਟ ਕੋਹਲੀ ਵੀ ਇਸ 'ਚ ਫਸਦੇ ਦਿੱਸ ਰਹੇ ਹਨ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਗੋਰਖਪੁਰ 'ਚ ਹੋਣ ਵਾਲੀਆਂ ਵੋਟਾਂ 'ਚ ਵਿਰਾਟ ਕੋਹਲੀ ਦਾ ਨਾਂ ਵੀ ਪਾ ਦਿੱਤਾ ਗਿਆ। ਇੰਨਾ ਹੀ ਨਹੀਂ ਬੀ.ਐਲ.ਓ. ਵੀ ਵਿਰਾਟ ਕੋਹਲੀ ਦੀ ਪਰਚੀ ਲੈ ਕੇ ਉਸ ਨੂੰ ਲੱਭਣ ਲੱਗ ਪਏ।
ਬੀ.ਐਲ.ਓ. ਕੋਹਲੀ ਨੂੰ ਲੱਭਣ ਨਿਕਲ ਪਏ
ਗੋਰਖਪੁਰ ਵੋਟਾਂ 'ਚ ਵਿਰਾਟ ਕੋਹਲੀ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਨੇ ਸਹਿਜਨਵਾ ਵਿਧਾਨਸਭਾ ਤੋਂ ਵੋਟਰ ਬਣਾ ਦਿੱਤਾ ਹੈ। ਮਤਦਾਤਾ ਪਰਚੀ 'ਤੇ ਵਿਰਾਟ ਕੋਹਲੀ ਦੀ ਫੋਟੋ ਲੱਗੀ ਹੋਈ ਹੈ ਅਤੇ ਨਾਲ ਹੀ ਸਹਿਜਨਵਾ ਵਿਧਾਨ ਸਭਾ ਖੇਤਰ 324 ਦਾ ਹਿੱਸਾ ਨੰਬਰ 153 ਵੀ ਪਿਆ ਹੈ। ਮਤਦਾਤਾ ਪਰਚੀ ਮੁਤਾਬਕ ਵਿਰਾਟ ਦਾ ਮਤਦਾਤਾ ਨੰਬਰ 822 ਹੈ। ਤਹਿਸੀਲ ਤੋਂ ਇਹ ਮਤਦਾਤਾ ਪਰਚੀ ਬੀ.ਐਲ.ਓ. ਤੱਕ ਵੰਡਣ ਲਈ ਵੀ ਪਹੁੰਚ ਗਈ ਅਤੇ ਬੀ.ਐਲ.ਓ. ਵੀ ਪਰਚੀ 'ਤੇ ਲਿਖੇ ਪਤੇ 'ਤੇ ਕੋਹਲੀ ਨੂੰ ਲੱਭਣ ਨਿਕਲ ਪਏ। ਉਥੇ ਹੀ ਜਦੋਂ ਪ੍ਰਸ਼ਾਸਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਸਾਰੇ ਅਧਿਕਾਰੀਆਂ ਨੇ ਆਪਣਾ ਪੱਲਾ ਝਾੜ ਲਿਆ।
ਮਾਮਲੇ ਦੀ ਜਾਂਚ ਸ਼ੁਰੂ
ਰਿਪੋਰਟ ਮੁਤਾਬਕ, ਬੀ.ਐਲ.ਓ. ਸੁਨੀਤਾ ਚੌਬੇ ਨੇ ਕਿਹਾ ਕਿ 4-5 ਦਿਨ ਪਹਿਲਾਂ ਉਸ ਕੋਲ ਵਿਰਾਟ ਕੋਹਲੀ ਦੀ ਤਸਵੀਰ ਲੱਗੀ ਮਤਦਾਤਾ ਪਰਚੀ ਵੰਡਣ ਲਈ ਆਈ ਸੀ। ਜਦੋਂ ਨਾਂ ਦਾ ਪਤਾ ਨਹੀਂ ਲੱਗਾ ਤਾਂ ਮੈਂਬਰ ਗੋਪਾਲ ਜੈਸਵਾਲ ਨੂੰ ਮਤਦਾਤਾ ਪਰਚੀ ਦੇ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਗਲਤੀ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।