ਆਸਟਰੇਲੀਆਈ ਟੈਸਟ ਟੀਮ 'ਚ ਪੁਕੋਵਸਕੀ ਤੇ ਗ੍ਰੀਨ ਸ਼ਾਮਲ

11/13/2020 3:12:53 AM

ਮੈਲਬੋਰਨ– ਆਸਟਰੇਲੀਆ ਨੇ ਦਸੰਬਰ ਵਿਚ ਭਾਰਤ ਵਿਰੁੱਧ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਲਈ 17 ਮੈਂਬਰੀ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਨੌਜਵਾਨ ਖਿਡਾਰੀ ਵਿਲ ਪੁਕੋਵਸਕੀ ਤੇ ਕੈਮਰੂਨ ਗ੍ਰੀਨ ਨੂੰ ਆਸਟਰੇਲੀਆਈ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਸ਼ੇਲ ਸਵੇਪਸਨ, ਮਾਈਕਲ ਨਾਸਿਰ ਤੇ ਸੀਨ ਐਬੋਟ ਨੂੰ ਵੀ ਡੈਬਿਊ ਕਰਨ ਦਾ ਮੌਕਾ ਦਿੱਤਾ ਗਿਆ ਹੈ। ਟਿਮ ਪੇਨ ਦੀ ਅਗਵਾਈ ਵਾਲੀ ਟੀਮ ਦੀ ਉਪ ਕਪਤਾਨੀ ਪੈਟ ਕਮਿੰਸ ਨੂੰ ਸੌਂਪੀ ਗਈ ਹੈ।
22 ਸਾਲਾ ਪੁਕੋਵਸਕੀ ਨੂੰ ਸ਼ੈਫੀਲਡ ਸ਼ੀਲਡ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਇਨਾਮ ਮਿਲਿਆ ਹੈ। ਉਸ ਨੇ ਇਸ ਟੂਰਨਾਮੈਂਟ ਵਿਚ 247.5 ਦੀ ਔਸਤ ਨਾਲ 495 ਦੌੜਾਂ ਬਣਾਈਆਂ ਸਨ। ਪੁਕੋਵਸਕੀ ਟੈਸਟ ਸਲਾਮੀ ਬੱਲੇਬਾਜ਼ ਜੋ ਬਰਨਸ ਦੀ ਤੁਲਨਾ ਵਿਚ ਲੰਬੇ ਸਮੇਂ ਲਈ ਬਿਹਤਰ ਬਦਲ ਹੋ ਸਕਦਾ ਹੈ। ਬਰਨਸ ਨੇ ਪਿਛਲੀਆਂ ਗਰਮੀਆਂ ਵਿਚ ਆਸਟਰੇਲੀਆ ਲਈ 32 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ ਤੇ ਮੌਜੂਦਾ ਸੈਸ਼ਨ ਵਿਚ ਕਵੀਨਸਲੈਂਡ ਵਲੋਂ ਉਸ ਨੇ 7, 29, 0 ਤੇ 10 ਦੌੜਾਂ ਦੇ ਮਾਮੂਲੀ ਸਕੋਰ ਕੀਤੇ ਸਨ। ਬਰਸਨ ਤੇ ਪੁਕੋਵਸਕੀ ਦੋਵਾਂ ਨੂੰ ਭਾਰਤ ਵਿਰੁੱਧ ਦੋ ਅਭਿਆਸ ਮੈਚਾਂ ਲਈ ਆਸਟਰੇਲੀਆ-ਏ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਅਜਿਹੇ ਵਿਚ ਪੁਕੋਵਸਕੀ ਨੂੰ ਟੈਸਟ ਟੀਮ ਵਿਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਜੋੜੀਦਾਰ ਦੇ ਰੂਪ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਤੋਂ ਹੋਵੇਗੀ । ਪਹਿਲਾ ਟੈਸਟ ਮੈਚ ਐਡੀਲੇਡ ਵਿਚ ਖੇਡਿਆ ਜਾਵੇਗਾ, ਜਿਹੜਾ ਡੇ-ਨਾਈਟ ਦਾ ਹੋਵੇਗਾ। ਦੂਜਾ ਟੈਸਟ ਮੈਚ 26 ਦਸੰਬਰ ਤੋਂ ਮੈਲਬੋਰਨ ਵਿਚ ਖੇਡਿਆ ਜਾਵੇਗਾ। ਤੀਜਾ ਟੈਸਟ ਮੈਚ ਸਿਡਨੀ ਵਿਚ 7 ਜਨਵਰੀ ਤੇ ਚੌਥਾ ਟੈਸਟ 15 ਜਨਵਰੀ ਤੋਂ ਬ੍ਰਿਸਬੇਨ ਵਿਚ ਖੇਡਿਆ ਜਾਵੇਗਾ।
ਇਸ ਤੋਂ ਇਲਾਵਾ ਚੋਣਕਾਰਾਂ ਨੇ 19 ਮੈਂਬਰੀ ਆਸਟਰੇਲੀਆ-ਏ ਟੀਮ ਦਾ ਵੀ ਐਲਾਨ ਕੀਤਾ ਹੈ, ਜਿਸ ਵਿਚ ਟਿਮ ਪੇਨ ਦੇ ਨਾਲ ਹੀ ਟੈਸਟ ਟੀਮ ਦੇ 9 ਮੈਂਬਰ ਸ਼ਾਮਲ ਹਨ। ਆਸਟਰੇਲੀਆ ਦੀ ਟੈਸਟ ਟੀਮ ਇਸ ਤਰ੍ਹਾਂ ਹੈ-
ਟਿਮ ਪੇਨ (ਕਪਤਾਨ), ਸੀਨ ਐਬੋਟਨ, ਜੋ ਬਰਨਸ, ਪੈਟ ਕਮਿੰਸ, ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁਡ, ਟ੍ਰੇਵਿਸ ਹੈੱਡ, ਮਾਰਨਸ ਲਾਬੂਚਾਨੇ, ਨਾਥਨ ਲਿਓਨ, ਮਿਚੇਲ ਨੇਸਰ, ਜੈਮਸ ਪੈਟਿੰਸਨ, ਵਿਲ ਪੁਸਕੋਵਸਕੀ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮੈਥਿਊ ਵੇਡ, ਡੇਵਿਡ ਵਾਰਨਰ।


Gurdeep Singh

Content Editor

Related News