ਓਲੰਪਿਕ ਰੱਦ ਕਰਨ ਦੀ ਬਜਾਏ ਇਕ ਵਾਰ ਹੋਰ ਮੁਲਤਵੀ ਕਰਨਾ ਹੋ ਸਕਦੈ ਬਦਲ
Wednesday, Jun 17, 2020 - 03:50 PM (IST)

ਟੋਕੀਓ– ਟੋਕੀਓ 2020 ਦੇ ਬੋਰਡ ਮੈਂਬਰ ਹਾਰੂਯੁਕੀ ਤਾਕਾਹਾਸ਼ੀ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ ਤਾਂ ਪਹਿਲਾਂ ਤੋਂ ਹੀ ਮੁਲਤਵੀ ਓਲੰਪਿਕ ਨੂੰ ਰੱਦ ਕਰਨ ਦੀ ਬਜਾਏ ਇਸ ਨੂੰ ਇਕ ਵਾਰ ਫਿਰ ਮੁਲਤਵੀ ਕਰਨਾ ਇਕ ਹੋਰ ਬਦਲ ਹੋ ਸਕਦਾ ਹੈ। ਜਾਪਾਨੀ ਮੀਡੀਆ ਨੇ ਇਹ ਖਬਰ ਦਿੱਤੀ। ਜਾਪਾਨੀ ਸਰਕਾਰ ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਕੋਰੋਨਾ ਦੇ ਕਾਰਣ ਮਾਰਚ ਵਿਚ ਓਲੰਪਿਕ ਨੂੰ ਜੁਲਾਈ 2021 ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਟੋਕੀਓ ਓਲੰਪਿਕ ਇਸ ਸਾਲ 24 ਜੁਲਾਈ ਤੋਂ ਸ਼ੁਰੂ ਹੋਣੀਆਂ ਸਨ ਪਰ ਇਨ੍ਹਾਂ ਦਾ ਆਯੋਜਨ 23 ਜੁਲਾਈ 2021 ਤੋਂ ਕੀਤਾ ਜਾਵੇਗਾ। ਆਈ. ਓ. ਸੀ. ਮੁਖੀ ਥਾਮਸ ਬਾਕ ਨੇ ਕਿਹਾ ਹੈ ਕਿ ਜੇਕਰ ਓਲੰਪਿਕ ਅਗਲੇ ਸਾਲ ਨਹੀਂ ਹੁੰਦੀਆਂ ਤਾਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਪਰ ਤਾਕਾਹਾਸ਼ੀ ਦਾ ਕਹਿਣਾ ਹੈ ਕਿ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਦਾ ਵੱਡਾ ਆਰਥਿਕ ਅਸਰ ਪਵੇਗਾ।