ਅੱਜ ਤੋਂ ਹੋਵੇਗਾ IPL ਦੇ 16ਵੇਂ ਸੈਸ਼ਨ ਦਾ ਆਗਾਜ਼, ਗੁਜਰਾਤ ਤੇ ਚੇਨਈ ਦੇ ਮੈਚ ’ਚ ‘ਇੰਪੈਕਟ ਪਲੇਅਰਸ’ ਵਧਾਉਣਗੇ ਮਜ਼ਾ
Friday, Mar 31, 2023 - 12:02 PM (IST)
ਅਹਿਮਦਾਬਾਦ (ਭਾਸ਼ਾ)- ਹਾਰਦਿਕ ਪੰਡਯਾ ਦੀ ਅਗਵਾਈ ਵਿਚ ਆਪਣੇ ਪਹਿਲੇ ਅਭਿਆਨ ’ਚ ਚੈਂਪੀਅਨ ਬਣੀ ਗੁਜਰਾਤ ਟਾਈਟਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੈਸ਼ਨ ਦੇ ਉਦਘਾਟਨੀ ਮੁਕਾਬਲੇ ਵਿਚ ਜਦੋਂ ਕ੍ਰਿਸ਼ਮਈ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਸਾਹਮਣੇ ਸ਼ੁੱਕਰਵਾਰ ਯਾਨੀ ਅੱਜ ਇੱਥੇ ਮੈਦਾਨ ਵਿਚ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਪਿਛਲੀ ਸਫ਼ਲਤਾ ਨੂੰ ਜਾਰੀ ਰੱਖਣ ਦੀ ਹੋਵੇਗੀ। ਪੰਡਯਾ ਕਈ ਵਾਰ ਧੋਨੀ ਨੂੰ ਆਪਣਾ ਮੇਂਟੋਰ (ਮਾਰਗਦਰਸ਼ਕ ਜਾਂ ਗੁਰੂ) ਦੱਸ ਚੁੱਕਾ ਹੈ ਅਤੇ ਪਿਛਲੇ ਸੈਸ਼ਨ ਵਿਚ ਚੇਲੇ ਪੰਡਯਾ ਦੀ ਟੀਮ 2 ਵਾਰ ਗੁਰੂ ਧੋਨੀ ਦੀ ਟੀਮ ਨੂੰ ਹਰਾਉਣ ਵਿਚ ਸਫ਼ਲ ਰਹੀ ਸੀ। ਸ਼ੁਭਮਨ ਗਿੱਲ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਦੌਰ ’ਚੋਂ ਲੰਘ ਰਿਹਾ ਹੈ ਅਤੇ ਰਾਸ਼ਿਦ ਖਾਨ ਦੀ ਲਗਾਤਾਰਤਾ ਵਿਚ ਕੋਈ ਕਮੀ ਨਹੀਂ ਆਈ ਹੈ।
ਖੁਦ ਪੰਡਯਾ ਨੇ ਆਪਣੀ ਫਿਟਨੈੱਸ ਉੱਤੇ ਕਾਫੀ ਮਿਹਨਤ ਕੀਤੀ ਹੈ ਅਤੇ ਪਿਛਲੇ ਆਈ. ਪੀ. ਐੱਲ. ਵਿਚ ਸੱਟ ਤੋਂ ਵਾਪਸੀ ਉਪਰੰਤ ਗੇਂਦ ਅਤੇ ਬੱਲੇ ਨਾਲ ਪ੍ਰਭਾਵੀ ਪ੍ਰਦਰਸ਼ਨ ਕਰ ਰਿਹਾ ਹੈ। ਟੀਮ ਨੂੰ ਇਸ ਮੈਚ ਵਿਚ ਧਾਕੜ ਡੈਵਿਡ ਮਿਲਰ ਦੀ ਕਮੀ ਮਹਿਸੂਸ ਹੋਵੇਗੀ ਪਰ ਪਿਛਲੇ ਕੁੱਝ ਸਮੇਂ ਤੋਂ ਰਾਹੁਲ ਤੇਵਤੀਆ ਨੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਟੀਮ ਵਿਚ ਨਿਊਜ਼ੀਲੈਂਡ ਦਾ ਦਿੱਗਜ ਕੇਨ ਵਿਲੀਅਮਸਨ ਵੀ ਹੈ। ਉਹ ਹਾਲਾਂਕਿ ਇਸ ਫਾਰਮੈੱਟ ਵਿਚ ਜ਼ਿਆਦਾ ਖ਼ਤਰਨਾਕ ਨਹੀਂ ਮੰਨਿਆ ਜਾਂਦਾ ਹੈ ਪਰ ਘੱਟ ਸਕੋਰ ਵਾਲੇ ਮੈਚ ਵਿਚ ਉਹ ਟੀਮ ਦਾ ਸੰਕਟਮੋਚਕ ਬਣ ਸਕਦਾ ਹੈ। ਦੂਜੇ ਪਾਸੇ 4 ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਜ਼ ਲਈ ਪਿਛਲਾ ਸੈਸ਼ਨ ਕਾਫੀ ਖ਼ਰਾਬ ਰਿਹਾ ਸੀ ਅਤੇ ਟੀਮ ਅੰਕ ਸੂਚੀ ਵਿਚ 9ਵੇਂ ਸਥਾਨ ਉੱਤੇ ਸੀ। ਧੋਨੀ 42 ਸਾਲ ਦਾ ਹੋ ਚੁੱਕਾ ਹੈ ਪਰ ਕਪਤਾਨੀ ਦੇ ਮਾਮਲੇ ਵਿਚ ਉਸ ਦਾ ਕੋਈ ਤੋੜ ਨਹੀਂ ਹੈ।
ਪਿਛਲੇ ਸੈਸ਼ਨ ਵਿਚ ਵੀ ਉਸ ਦੀਆਂ ਯੋਜਨਾਵਾਂ ਕਾਰਗਰ ਸਨ ਪਰ ਉਸ ਦੇ ਲਾਗੂਕਰਨ ਵਿਚ ਕਮੀ ਰਹਿ ਗਈ ਸੀ। ਸ਼ੁੱਕਰਵਾਰ ਨੂੰ ਜਦੋਂ 16ਵੇਂ ਸੈਸ਼ਨ ਦਾ ਆਗਾਜ਼ ਹੋਵੇਗਾ ਤਾਂ ਮੁਕਾਬਲੇ ਵਿਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ‘ਇੰਪੈਕਟ ਪਲੇਅਰ’ ਨਿਯਮ ਕਾਰਨ ਮੈਚ ਵਿਚ 12 ਖਿਡਾਰੀ ਖੇਡਣਗੇ। ਆਪਣੇ ਸੰਸਾਧਨਾਂ ਨੂੰ ਬਹੁਤ ਸੋਚ-ਵਿਚਾਰ ਕੇ ਵਰਤੋਂ ਕਰਨ ਵਾਲਾ ਧੋਨੀ ਜੇਕਰ ਜ਼ਰੂਰਤ ਹੋਈ ਤਾਂ ਖੁਦ ਨੂੰ ਵੀ ‘ਇੰਪੈਕਟ ਪਲੇਅਰ’ ਬਣਾ ਸਕਦਾ ਹੈ। ਚੇਨਈ ਲਈ ਬੇਨ ਸਟੋਕਸ ਦੀ ਹਾਜ਼ਰੀ ਯਕੀਨੀ ਰੂਪ ਨਾਲ ਵਿਰੋਧੀ ਟੀਮ ਨੂੰ ਪ੍ਰੇਸ਼ਾਨ ਕਰੇਗੀ ਪਰ ਗੁਜਰਾਤ ਟਾਈਟਨਜ਼ ਖਿਲਾਫ਼ ਇੰਗਲੈਂਡ ਦਾ ਟੈਸਟ ਕਪਤਾਨ ਗੇਂਦਬਾਜ਼ੀ ਨਹੀਂ ਕਰੇਗਾ। ਟੀਮ ਦੇ ਸ਼ੁਰੂਆਤੀ ਇਲੈਵਨ ਵਿਚ ਡੇਵੋਨ ਕਾਨਵੇ, ਸਟੋਕਸ ਅਤੇ ਮੋਈਨ ਅਲੀ ਵਰਗੇ ਵਿਦੇਸ਼ੀ ਖਿਡਾਰੀ ਸ਼ਾਮਿਲ ਹੋਣਗੇ।
ਟੀਮ ਦਾ ਪ੍ਰਦਰਸ਼ਨ ਹਾਲਾਂਕਿ ਇਸ ਗੱਲ ਉੱਤੇ ਕਾਫੀ ਹੱਦ ਤੱਕ ਨਿਰਭਰ ਕਰੇਗਾ ਕਿ ਰਵਿੰਦਰ ਜਡੇਜਾ, ਅੰਬਾਤੀ ਰਾਇਡੁ ਅਤੇ ਧੋਨੀ ਬੱਲੇ ਨਾਲ ਕਿਵੇਂ ਪ੍ਰਦਰਸ਼ਨ ਕਰਦੇ ਹਨ। ਧੋਨੀ ਕੋਲ ਸਪਿਨਰ ਮਹੇਸ਼ ਤੀਕਸ਼ਣਾ ਅਤੇ ਲਾਸਿਥ ਮਲਿੰਗਾ ਦੀ ਤਰ੍ਹਾਂ ਗੇਂਦਬਾਜ਼ੀ ਕਰਨ ਵਾਲੇ ਮਥਿਸਾ ਪਥਿਰਾਨਾ ਵਰਗੇ ਤੇਜ਼ ਗੇਂਦਬਾਜ਼ ਦਾ ਵੀ ਬਦਲ ਹੋਵੇਗਾ। ਗੁਜਰਾਤ ਦੀ ਟੀਮ ਕੋਲ ਮੁਹੰਮਦ ਸ਼ੰਮੀ ਤੋਂ ਇਲਾਵਾ ਕੋਈ ਭਰੋਸੇਮੰਦ ਭਾਰਤੀ ਤੇਜ਼ ਗੇਂਦਬਾਜ਼ ਨਹੀਂ ਹੈ। ਸ਼ਿਵਮ ਮਾਵੀ ਟੀਮ ’ਚ ਆਇਆ ਹੈ ਪਰ ਲਾਕੀ ਫਰਗਿਊਸਨ ਨੂੰ ਬਾਹਰ ਕਰਨ ਦਾ ਫੈਸਲਾ ਸਮਝ ਤੋਂ ਪਰੇ ਸੀ। ਅਲਜਾਰੀ ਜੋਸੇਫ ਭਾਰਤੀ ਪਿਚਾਂ ਵਿਚ ਕਿੰਨਾ ਕਾਰਗਰ ਹੋਵੇਗਾ, ਇਹ ਦੇਖਣਾ ਹੋਵੇਗਾ। ਪ੍ਰਦੀਪ ਸਾਂਗਵਾਨ ਅਤੇ ਮੋਹਿਤ ਸ਼ਰਮਾ ਦੋਵੇਂ ਹੀ ਧਾਕੜ ਖਿਡਾਰੀ ਹਨ ਪਰ ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਕ੍ਰਿਕਟ ਖੇਡ ਲਿਆ ਹੈ। ਟੀਮ ਨੂੰ ਵਿਕਟਕੀਪਿੰਗ ਲਈ ਰਿੱਧੀਮਾਨ ਸਾਹਾ ਅਤੇ ਕੋਨਾ ਭਰਤ ਵਿਚੋਂ ਕਿਸੇ ਇਕ ਦੀ ਚੋਣ ਦਾ ਮੁਸ਼ਕਲ ਫੈਸਲਾ ਕਰਨਾ ਹੋਵੇਗਾ।
ਉਦਘਾਟਨੀ ਸਮਾਰੋਹ ਵਿਚ ਰਸ਼ਮਿਕਾ ਅਤੇ ਤਮੰਨਾ ਕਰਨਗੀਆਂ ਪਰਫਾਰਮ
ਆਈ. ਪੀ. ਐੱਲ. ਵਿਚ 5 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਦਘਾਟਨੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। 2018 ਵਿਚ ਆਖਰੀ ਵਾਰ ਇਸ ਦਾ ਆਯੋਜਨ ਹੋਇਆ ਸੀ। ਰਸ਼ਮਿਕਾ ਮੰਦਾਨਾ ਅਤੇ ਤਮੰਨਾ ਭਾਟੀਆ ਉਦਘਾਟਨੀ ਸਮਾਰੋਹ ਵਿਚ ਪਰਫਾਰਮ ਕਰ ਸਕਦੀਆਂ ਹਨ।
ਸੰਭਾਵਿਤ ਟੀਮਾਂ
ਗੁਜਰਾਤ ਟਾਈਟਨਜ਼: ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਕੋਨਾ ਭਰਤ, ਰਿੱਧੀਮਾਨ ਸਾਹਾ, ਕੇਨ ਵਿਲੀਅਮਸਨ, ਰਾਹੁਲ ਤੇਵਤੀਆ, ਅਭਿਨਵ ਮਨੋਹਰ, ਮੁਹੰਮਦ ਸ਼ੰਮੀ, ਪ੍ਰਦੀਪ ਸਾਂਗਵਾਨ, ਆਰ. ਸਾਈ ਕਿਸ਼ੋਰ, ਵਿਜੈ ਸ਼ੰਕਰ, ਸਾਈ ਸੁਦਰਸ਼ਨ, ਰਾਸ਼ਿਦ ਖਾਨ, ਸ਼ਿਵਮ ਮਾਵੀ, ਮੈਥਿਊ ਵੇਡ, ਓਡੀਅਨ ਸਮਿਥ, ਉਰਵਿਲ ਪਟੇਲ, ਦਰਸ਼ਨ ਨਾਲਕੰਡੇ, ਡੇਵਿਡ ਮਿਲਰ (ਪਹਿਲੇ 2 ਮੈਚਾਂ ਵਿਚ ਉਪਲੱਬਧ ਨਹੀਂ), ਜੋਸ਼ ਲਿਟਿਲ (ਪਹਿਲੇ ਮੈਚ ਲਈ ਉਪਲੱਬਧ ਨਹੀਂ), ਯਸ਼ ਦਿਆਲ, ਜਯੰਤ ਯਾਦਵ, ਨੂਰ ਅਹਿਮਦ, ਅਲਜਾਰੀ ਜੋਸੇਫ।
ਚੇਨਈ ਸੁਪਰ ਕਿੰਗਜ਼ : ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅੰਬਾਤੀ ਰਾਇਡੁ, ਮੋਈਨ ਅਲੀ, ਬੇਨ ਸਟੋਕਸ, ਰਵਿੰਦਰ ਜਡੇਜਾ, ਅਜਿੰਕਿਆ ਰਹਾਨੇ, ਸਿਸੰਡਾ ਮਗਾਲਾ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਡਵੇਨ ਪ੍ਰਿਟੋਰੀਅਸ, ਅਹਯ ਮੰਡਲ, ਨਿਸ਼ਾਂਤ ਸਿੰਧੂ, ਰਾਜਵਰਧਨ ਹੈਂਗਰਗੇਕਰ, ਮਿਸ਼ੇਲ ਸੇਂਟਨਰ, ਸੁਭਰਾਂਸ਼ੁ ਸੇਨਾਪਤੀ, ਸਿਮਰਜੀਤ ਸਿੰਘ, ਮਥਿਸਾ ਪਥਿਰਾਨਾ, ਮਹੇਸ਼ ਤੀਕਸ਼ਣਾ, ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸ਼ੇਖ ਰਸ਼ੀਦ, ਤੁਸ਼ਾਰ ਦੇਸ਼ਪਾਂਡੇ।